ਮੁਕੇਸ਼ ਕੁਮਾਰ
ਚੰਡੀਗੜ੍ਹ, 20 ਜੂਨ
ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਕੀਤੀ ਜਾ ਰਹੀ ਮੁਰੰਮਤ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਿਗਮ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਕਾਰਨ ਕਥਿਤ ਘਟੀਆ ਸਮੱਗਰੀ ਵਰਤੀ ਜਾ ਰਹੀ ਹੈ। ਅੱਜ ਇੱਥੇ ਰਾਮ ਦਰਬਾਰ ਵਿੱਚ ਬਣਾਈ ਸੜਕ ਨੂੰ ਲੈ ਕੇ ਇੱਥੋਂ ਦੇ ਵਾਸੀਆਂ ਸਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਲੱਖਾਂ ਰੁਪਏ ਦੇ ਖ਼ਰਚ ਕੇ ਬਣਾਈ ਸੜਕ ਕੁੱਝ ਹੀ ਦਿਨਾਂ ਵਿੱਚ ਟੁੱਟਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਪ੍ਰਦਰਸ਼ਨ ਕਰ ਕੇ ਕੌਂਸਲਰ ਸਣੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਉਧਰ, ਚੰਡੀਗੜ੍ਹ ਦੀ ਸਾਬਕਾ ਮੇਅਰ ਅਤੇ ਕਾਂਗਰਸ ਨੇਤਾ ਕਮਲੇਸ਼ ਬਨਾਰਸੀ ਦਾਸ ਨੇ ਵੀ ਇਸ ਸੜਕ ਨੂੰ ਲੈ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਦੌਰਾਨ ‘ਆਪ’ ਦੇ ਵਿਕਰਮ ਸਿੰਘ ਪੁੰਡੀਰ, ਆਸ਼ਾ ਦੇਵੀ ਸਣੇ ਹੋਰ ਇਲਾਕਾ ਵਾਸੀ ਹਾਜ਼ਰ ਸਨ।