ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਸਤੰਬਰ
ਕੇਜਰੀਵਾਲ ਸਰਕਾਰ ਨੇ ਸਰਦੀਆਂ ਦੇ ਮੌਸਮ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਦਿੱਲੀ ਦੇ ਲੋਕਾਂ ਨੂੰ ਵਧ ਰਹੇ ਪ੍ਰਦੂਸ਼ਣ ਤੋਂ ਬਚਾਉਣ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ‘ਵਿੰਟਰ ਐਕਸ਼ਨ ਪਲਾਨ’ ਦੇ ਸਬੰਧ ਵਿੱਚ ਅੱਜ ਵਾਤਾਵਰਣ ਵਿਭਾਗ, ਡੀਪੀਸੀਸੀ, ਵਿਕਾਸ ਵਿਭਾਗ ਤੇ ਜੰਗਲਾਤ ਵਿਭਾਗ ਦੇ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਜਨਤਕ ਸਹਿਯੋਗ ਨਾਲ ਪ੍ਰਦੂਸ਼ਣ ਵਿਰੁੱਧ ਐਕਸ਼ਨ ਪਲਾਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਾਡੀ ਸਰਦੀਆਂ ਦੀ ਕਾਰਜ ਯੋਜਨਾ 10 ਨੁਕਾਤੀ ਕਾਰਜ ਜਿਵੇਂ ਕਿ ਪਰਾਲੀ ਤੇ ਕੂੜਾ ਸਾੜਨਾ, ਵਾਹਨ ਤੇ ਧੂੜ ਪ੍ਰਦੂਸ਼ਣ, ਹੌਟਸਪੌਟ, ਸਮੋਗ ਟਾਵਰ, ਗੁਆਂਢੀ ਸੂਬਿਆਂ ਨਾਲ ਸੰਚਾਰ, ਵਾਰ ਰੂਮ ਤੇ ਗ੍ਰੀਨ ਐਪਸ ਦਾ ਨਵੀਨੀਕਰਨ ਤੇ ਕੇਂਦਰ ਸਰਕਾਰ ਤੇ ਕੇਂਦਰੀ ਕਮਿਸ਼ਨ ਨਾਲ ਸੰਪਰਕ ’ਤੇ ਅਧਾਰਤ ਹੋਵੇਗੀ। ਵਾਤਾਵਰਣ ਮੰਤਰੀ ਨੇ ਕਿਹਾ ਕਿ 14 ਸਤੰਬਰ ਨੂੰ ਸਾਰੇ ਸਬੰਧਤ ਵਿਭਾਗਾਂ ਨਾਲ ਸਮੀਖਿਆ ਬੈਠਕ ਕਰਨ ਤੋਂ ਬਾਅਦ ਨਿਰਧਾਰਤ ਫੋਕਸ ਪੁਆਇੰਟਾਂ ’ਤੇ ਸੁਝਾਅ ਲਏ ਜਾਣਗੇ ਤੇ 30 ਸਤੰਬਰ ਤੱਕ ਵਿੰਟਰ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ। ਇਸ ਤੋਂ ਬਾਅਦ ਦਿੱਲੀ ਸਰਕਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਈ ਮੁਹਿੰਮਾਂ ਸ਼ੁਰੂ ਕਰੇਗੀ।
ਸ੍ਰੀ ਗੋਪਾਲ ਰਾਏ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ 10 ਬਿੰਦੂਆਂ ਵਿੱਚ ਸਭ ਤੋਂ ਪਹਿਲਾਂ ਪਰਾਲੀ ਦੀ ਸਮੱਸਿਆ ਹੈ। ਆਉਣ ਵਾਲੇ ਦਿਨਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਕੇਂਦਰ ਬਿੰਦੂ ਬਣਾ ਕੇ ਕੰਮ ਕੀਤਾ ਜਾਵੇਗਾ। ਦੂਜਾ ਵਾਹਨਾਂ ਦੇ ਪ੍ਰਦੂਸ਼ਣ ’ਤੇ ਧਿਆਨ ਕੇਂਦਰਤ ਕਰਦੇ ਹੋਏ ਕੰਮ ਕੀਤਾ ਜਾਵੇਗਾ, ਤੀਜਾ ਹੈ ਧੂੜ ਪ੍ਰਦੂਸ਼ਣ, ਚੌਥਾ ਫੋਕਸ ਬਿੰਦੂ ਇਹ ਹੈ ਕਿ ਕੂੜੇ ਨੂੰ ਸਾਰੀ ਜਗ੍ਹਾ ਸਾੜਿਆ ਜਾ ਰਿਹਾ ਹੈ। ਪੰਜਵਾਂ ਬਿੰਦੂ ‘ਹੌਟਸਪੌਟ’ ਹੈ। ਦਿੱਲੀ ਦੇ ਉਹ ਖੇਤਰ ਜਿੱਥੇ ਜ਼ਿਆਦਾਤਰ ਲੋਕਾਂ ਨੂੰ ਪ੍ਰਦੂਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਛੇਵਾਂ ਬਿੰਦੂ ਸਮੋਗ ਟਾਵਰ ਹੈ। ਸਮੋਗ ਟਾਵਰ ਦਿੱਲੀ ਦੇ ਅੰਦਰ ਬਣਾਏ ਗਏ ਹਨ। ਇਹ ਸਾਡੇ ਅਧਿਐਨ ਦਾ ਮੁੱਖ ਬਿੰਦੂ ਰਹੇਗਾ। ਇਸ ਲਈ ਦਿੱਲੀ ਸਰਕਾਰ ਮਾਹਿਰਾਂ ਦੀ ਇੱਕ ਕਮੇਟੀ ਬਣਾਉਣ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਹੋਰ ਥਾਵਾਂ ’ਤੇ ਸਮੋਗ ਟਾਵਰ ਸਥਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਗੁਆਂਢੀ ਰਾਜਾਂ ਨਾਲ ਰਾਬਤਾ ਬਣਾਇਆ ਜਾਵੇਗਾ ਤਾਂ ਜੋ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਾਂਝਾ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਪ੍ਰਦੂਸ਼ਣ ਸਮੱਸਿਆ ਸਿਰਫ ਦਿੱਲੀ ਦੀ ਨਹੀਂ ਹੈ।
ਵਾਤਾਵਰਣ ਮੰਤਰੀ ਨੇ ਕਿਹਾ ਕਿ ਸਾਡਾ ਨੌਵਾਂ ਨੁਕਤਾ ਗ੍ਰੀਨ ਐਪ ਨੂੰ ਅਪਡੇਟ ਕਰਨਾ ਹੈ। ਪਿਛਲੇ ਸਾਲ ਗ੍ਰੀਨ ਐਪ ’ਤੇ ਕੰਮ ਕੀਤਾ ਸੀ। ਇਸ ਨੂੰ ਹੋਰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਦਸਵਾਂ ਕੇਂਦਰ ਸਰਕਾਰ ਤੇ ਕੇਂਦਰੀ ਕਮਿਸ਼ਨ ਨਾਲ ਸੰਪਰਕ ਕਰਨਾ ਹੈ।
ਕੈਪਸ਼ਨ..ਵਾਤਾਵਰਨ ਮੰਤਰੀ ਗੋਪਾਲ ਰਾਇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।