ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਜਨਵਰੀ
ਯੂਟੀ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ 10ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਹਿਲੀ ਫਰਵਰੀ ਤੋਂ ਖੁੱਲ੍ਹ ਜਾਣਗੇ ਤੇ ਵਿਭਾਗ ਨੇ ਨਵਾਂ ਪ੍ਰਸਤਾਵ ਤਿਆਰ ਕੀਤਾ ਹੈ ਜਿਸ ਵਿਚ 10 ਫਰਵਰੀ ਦੇ ਨੇੜੇ ਪੰਜਵੀਂ ਜਮਾਤ ਤੋਂ ਉਪਰਲੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਿਰਫ ਕਰੋਨਾ ਟੀਕਾਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਸਕੂਲ ਸੱਦਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਯੂਟੀ ਨੇ ਹੁਕਮ ਜਾਰੀ ਕੀਤੇ ਹਨ ਕਿ 15 ਤੋਂ 18 ਸਾਲ ਉਮਰ ਵਰਗ ਦੇ ਵਿਦਿਆਰਥੀਆਂ ਲਈ ਸਿੰਗਲ ਡੋਜ਼ ਲੱਗਣੀ ਜ਼ਰੂਰੀ ਹੈ ਜਿਸ ਤੋਂ ਬਾਅਦ ਹੀ ਵਿਦਿਆਰਥੀ ਆਫਲਾਈਨ ਵਿਦਿਆ ਹਾਸਲ ਕਰ ਸਕਣਗੇ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਤੇ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਟੀਕਾਕਰਨ ਨਾ ਕਰਵਾਉਣ ਵਾਲਿਆਂ ਵਿਦਿਆਰਥੀਆਂ ਨੂੰ ਸਕੂਲ ਨਾ ਆਉਣ ਦੇਣ ਦੇ ਹੁਕਮ ਬੇਤੁਕੇ ਹਨ।
ਸਿੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਕਰੋਨਾ ਦੇ ਕੇਸ ਲਗਾਤਾਰ ਘੱਟ ਰਹੇ ਹਨ ਇਸ ਕਰ ਕੇ 10 ਫਰਵਰੀ ਦੇ ਨੇੜੇ ਪੰਜਵੀਂ ਜਮਾਤ ਤੋਂ ਉਤੇ ਦੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਫਰਵਰੀ ਦੇ ਪਹਿਲੇ ਹਫਤੇ ਪ੍ਰਸ਼ਾਸਕ ਦੇ ਸਲਾਹਕਾਰ ਨਾਲ ਮੀਟਿੰਗ ਕਰ ਕੇ ਇਹ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਜੇ ਉਸ ਵੇਲੇ ਹਾਲਾਤ ਸਾਜ਼ਗਾਰ ਹੋਏ ਤਾਂ ਪੰਜਵੀਂ ਤੋਂ ਹੇਠਾਂ ਜਮਾਤਾਂ ਲਈ ਵੀ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਜਾ ਸਕਦਾ ਹੈ।
ਦੂਜੇ ਪਾਸੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਦੀ ਮਰਜ਼ੀ ਤੋਂ ਬਿਨਾਂ ਕਰੋਨਾ ਟੀਕਾਕਰਨ ਕਰਵਾਉਣ ਦੇ ਹੁਕਮ ਨਹੀਂ ਦਿੱਤੇ ਜਾ ਸਕਦੇ। ਇਥੋਂ ਦੇ ਕਰੋਨਾ ਟੀਕਾਕਰਨ ਨਾ ਕਰਵਾਉਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਕੋਲ ਮਾਮਲਾ ਉਠਾਇਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਕਿਉਂ ਨਹੀਂ ਭੇਜ ਸਕਦੇ ਤੇ ਸਿਰਫ ਟੀਕਾਕਰਨ ਵਾਲੇ ਬੱਚਿਆਂ ਨੂੰ ਆਫਲਾਈਨ ਪੜ੍ਹਾਈ ਦੀ ਸਹੂਲਤ ਦੇਣਾ ਵਾਜਬ ਨਹੀਂ ਹੈ। ਹਾਈਬ੍ਰਿਡ ਮੋਡ ਵਿਚ ਜਾਰੀ ਰਹਿਣਗੀਆਂ ਜਮਾਤਾਂ: ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਉਹ ਟੀਕਾਕਰਨ ਲਈ ਦਬਾਅ ਨਹੀਂ ਪਾ ਰਹੇ। ਜਿਹੜੇ ਵਿਦਿਆਰਥੀਆਂ ਦਾ ਟੀਕਾਕਰਨ ਹੋਇਆ ਹੈ ਉਹ ਆਫਲਾਈਨ ਜਮਾਤਾਂ ਲਾਉਣਗੇ ਤੇ ਜਿਹੜਿਆਂ ਦਾ ਟੀਕਾਕਰਨ ਨਹੀਂ ਹੋਇਆ ਉਹ ਆਨਲਾਈਨ ਪੜ੍ਹਾਈ ਜਾਰੀ ਰੱਖਣਗੇ ਜਿਸ ਸਬੰਧੀ ਦਫਤਰੀ ਹੁਕਮ 30 ਜਨਵਰੀ ਨੂੰ ਜਾਰੀ ਹੋ ਜਾਣਗੇ।
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ 80 ਫੀਸਦੀ ਟੀਕਾਕਰਨ
ਸਕੱਤਰੇਤ ਦੇ ਰਿਕਾਰਡ ਅਨੁਸਾਰ ਸਰਕਾਰੀ ਸਕੂਲਾਂ ਵਿਚ 15 ਤੋਂ 18 ਸਾਲ ਦੇ ਵਿਦਿਆਰਥੀਆਂ ਦਾ 80 ਫੀਸਦੀ ਟੀਕਾਕਰਨ ਹੋ ਚੁੱਕਾ ਹੈ। ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਅਗਲੇ ਹਫਤੇ ਸਕੂਲਾਂ ਤੋਂ ਮੁੜ ਵੇਰਵਾ ਮੰਗ ਕੇ ਇਹ ਪਤਾ ਕੀਤਾ ਜਾਵੇਗਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ ਉਨ੍ਹਾਂ ਦੇ ਟੀਕਾਕਰਨ ਨਾ ਕਰਵਾਉਣ ਦੇ ਕੀ ਕਾਰਨ ਹਨ। ਇਹ ਵੀ ਪਤਾ ਲੱਗਾ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਕਰੋਨਾ ਟੀਕਾਕਰਨ ਸਰਕਾਰੀ ਸਕੂਲਾਂ ਦੇ ਮੁਕਾਬਲੇ ਕਾਫੀ ਘੱਟ ਹੋਇਆ ਹੈ।