ਹਰਜੀਤ ਸਿੰਘ
ਜ਼ੀਰਕਪੁਰ, 14 ਜਨਵਰੀ
ਹਲਕਾ ਡੇਰਾਬੱਸੀ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਚੋਣ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ। ਉਮੀਦਵਾਰ ਅਤੇ ਉਨ੍ਹਾਂ ਦੇ ਹਮਾਇਤੀ ਘਰ ਘਰ ਜਾ ਕੇ ਆਪਣੇ ਲਈ ਵੋਟਾਂ ਮੰਗ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਹਲਕਾ ਵਿਧਾਇਕ ਐੱਨਕੇ ਸ਼ਰਮਾ ਤਿੰਨੇ ਭਰਾ, ਵਿਧਾਇਕ ਦੀ ਪਤਨੀ ਬਬੀਤਾ ਸ਼ਰਮਾ ਹਲਕੇ ਵਿੱਚ ਘਰ ਘਰ ਜਾ ਕੇ ਵੋਟਾਂ ਮੰਗ ਰਹੀਆਂ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦਾ ਪੂਰਾ ਪਰਿਵਾਰ ਚੋਣ ਪ੍ਰਚਾਰ ਵਿੱਚ ਡਟਿਆ ਹੋਇਆ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਬਤੌਰ ਉਮੀਦਵਾਰ ਵਾਂਗ ਪ੍ਰਚਾਰ ਕਰ ਰਹੇ ਹਨ। ਸ੍ਰੀ ਢਿੱਲੋਂ ਅਤੇ ਉਨ੍ਹਾਂ ਦਾ ਪੁੱਤਰ ਅਤੇ ਨਗਰ ਕੌਂਸਲ ਜ਼ੀਰਕਪੁਰ ਦਾ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ, ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਅਤੇ ਲਾਲੜੂ ਤੋਂ ਕੌਂਸਲ ਪ੍ਰਧਾਨ ਮੁਕੇਸ਼ ਰਾਣਾ ਸਣੇ ਪੂਰੀ ਟੀਮ ਪ੍ਰਚਾਰ ਕਰਨ ਵਿੱਚ ਜੁਟੀ ਹੋਈ ਹੈ। ਭਾਜਪਾ ਵੱਲੋਂ ਐਡਵੋਕੇਟ ਮੁਕੇਸ਼ ਗਾਂਧੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਅਤੇ ਸੰਜੀਵ ਖੰਨਾ ਆਪਣੇ ਪੱਧਰ ’ਤੇ ਪ੍ਰਚਾਰ ਕਰ ਰਹੇ ਹਨ।
ਕੁਰਾਲੀ (ਪੱਤਰ ਪ੍ਰੇਰਕ): ਚੋਣ ਕਮਿਸ਼ਨ ਵਲੋਂ ਚੋਣ ਇਕੱਠ ਤੇ ਰੈਲੀਆਂ ’ਤੇ ਲਾਈ ਪਾਬੰਦੀ ਦੇ ਮੱਦੇਨਜ਼ਰ ਹਲਕਾ ਖਰੜ ਤੋਂ ਅਕਾਲੀ-ਬਸਪਾ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਸ਼ਹਿਰ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਸ੍ਰੀ ਗਿੱਲ ਨੇ ਸਥਾਨਕ ਅਕਾਲੀ ਆਗੂਆਂ ਨਾਲ ਸ਼ਹਿਰ ਦੇ ਕਈ ਵਾਰਡਾਂ ਦਾ ਦੌਰਾ ਕੀਤਾ। ਸ੍ਰੀ ਗਿੱਲ ਨੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸ਼ਹਿਰ ਵਾਸੀਆਂ ਨੇ ਸ੍ਰੀ ਗਿੱਲ ਦਾ ਸਨਮਾਨ ਕੀਤਾ। ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੀਤਮਹਿੰਦਰ ਸਿੰਘ ਬਿੱਟਾ, ਵੀਸ਼ੂ ਅਗਰਵਾਲ, ਆਸ਼ੂ ਗੋਇਲ, ਹਰਮਿੰਦਰ ਸਿੰਘ ਕਾਲਾ ਹਾਜ਼ਰ ਸਨ।