ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 19 ਸਤੰਬਰ
ਸ਼੍ਰੋਮਣੀ ਅਕਾਲੀ ਵੱਲੋਂ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਟਿਕਟ ਕੱਟਣ ਦੇ ਐਲਾਨ ਮਗਰੋਂ ਅੱਜ ਉਨ੍ਹਾਂ ਦੇ ਸਮਰਥਕਾਂ ਨੇ ਭੱਟੀ ਫਾਰਮ ਵਿੱਚ ਇਕੱਠੇ ਹੋ ਕੇ ਪਾਰਟੀ ਨੂੰ ਆਪਣੇ ਫੈਸਲੇ ਤੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ।
ਸਮਰਥਕਾਂ ਨੇ ਕਿਹਾ ਕਿ ਦੀਦਾਰ ਸਿੰਘ ਭੱਟੀ ਨੂੰ ਟਿਕਟ ਨਾ ਦੇਣ ਦਾ ਫੈਸਲਾ ਸਹੀ ਨਹੀਂ ਹੈ। ਇਸ ਮੌਕੇ ਹਾਜ਼ਰ ਅਕਾਲੀ ਆਗੂਆਂ ਨੇ ਦੀਦਾਰ ਸਿੰਘ ਭੱਟੀ ਨੂੰ ਹੀ ਉਮੀਦਵਾਰ ਐਲਾਨਣ ਦੀ ਗੱਲ ਦੁਹਰਾਈ। ਬੁਲਾਰਿਆਂ ਨੇ ਕਿਹਾ ਕਿ ਭੱਟੀ ਦੀ ਸੀਟ ਕੱਟਣ ਦਾ ਫ਼ੈਸਲਾ ਅਕਾਲੀ ਵਰਕਰ ਨੂੰ ਹਜ਼ਮ ਨਹੀ ਹੋ ਰਿਹਾ ਤੇ ਉਨ੍ਹਾਂ ਨੂੰ ਟਿਕਟ ਨਾ ਦੇਣ ਦਾ ਮਤਲਬ ਇਹ ਸੀਟ ਕਾਗਰਸ ਪਾਰਟੀ ਨੂੰ ਪਰੋਸ ਦੇਣਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਵੀ ਭੱਟੀ ਦੀ ਟਿਕਟ ਕੱਟਣ ਨੂੰ ਗਲਤ ਫ਼ੈਸਲਾ ਕਰਾਰ ਦਿੱਤਾ। ਸ੍ਰੀ ਭੱਟੀ ਨੇ ਦੱਸਿਆ ਕਿ ਸਮਰਥਕਾਂ ਦੇ ਇਕੱਠ ਨੇ ਫ਼ੈਸਲਾ ਕੀਤਾ ਹੈ ਕਿ ਪੰਜ ਮੈਂਬਰੀ ਟੀਮ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਇਸ ਹਲਕੇ (ਫ਼ਤਹਿਗੜ੍ਹ ਸਾਹਿਬ) ਦੀ ਸੀਟ ਦੇ ਫੈਸਲੇ ਨੂੰ ਬਦਲਣ ਦੀ ਅਪੀਲ ਕਰੇਗੀ। ਭੱਟੀ ਨੇ ਦੱਸਿਆ ਕਿ ਇੱਕ 51 ਮੈਂਬਰੀ ਟੀਮ ਵੀ ਕਾਇਮ ਕੀਤੀ ਜਾ ਰਹੀ ਹੈ ਜੋ ਸਾਰੇ ਹਾਲਾਤ ਨੂੰ ਘੋਖ ਕੇ 15 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ, ਜਿਸ ਮਗਰੋਂ ਉਹ ਆਪਣਾ ਅਗਲਾ ਫ਼ੈਸਲਾ ਕਰਨਗੇ। ਭੱਟੀ ਨੇ ਕਿਹਾ, ‘ਮੈਂ ਹਾਲੇ ਤੱਕ ਪਾਰਟੀ ਦੇ ਨਾਲ ਹਾਂ ਪਰ ਜੇਕਰ ਟਿਕਟ ਨਹੀ ਮਿਲਦੀ ਤਾਂ ਮੇਰੇ ਲਈ ਉਨ੍ਹਾਂ ਲਈ ਸਾਰੇ ਬਦਲ ਖੁੱਲੇ ਹਨ।’