ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਫਰਵਰੀ
ਮੁਹਾਲੀ ਪੁਲੀਸ ਨੇ ਜਾਇਦਾਦ ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਅੱਜ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮਟੌਰ ਥਾਣਾ ਦੇ ਐੱਸਐੱਚਓ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਅਵਤਾਰਜੀਤ ਸਿੰਘ ਧੰਜਲ ਖ਼ਿਲਾਫ਼ 23 ਜੁਲਾਈ 2019 ਨੂੰ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਮਗਰੋਂ ਉਹ ਵਿਦੇਸ਼ ਚਲਾ ਗਿਆ ਸੀ।
ਉਸ ਦੀ ਪੈੜ ਨੱਪਣ ਲਈ ਮੁਹਾਲੀ ਪੁਲੀਸ ਨੇ ਲੁੱਕ ਆਫ਼ ਨੋਟਿਸ ਜਾਰੀ ਕੀਤਾ ਸੀ ਅਤੇ ਇੰਟਰਪੋਲ ਦੀ ਮਦਦ ਵੀ ਲਈ ਸੀ। ਪੁਲੀਸ ਦੀ ਜਾਣਕਾਰੀ ਅਨੁਸਾਰ ਅਵਤਾਰਜੀਤ ਧੰਜਲ ਦੀ ਇੱਥੋਂ ਦੇ ਫੇਜ਼-3ਬੀ1 ਵਿੱਚ ਜਾਇਦਾਦ (ਕੋਠੀ) ਸੀ। ਉਸ ਨੇ 1989 ਵਿੱਚ ਇਹ ਕੋਠੀ ਦੇਖਭਾਲ ਅਤੇ ਰਹਿਣ ਲਈ ਆਪਣੇ ਦੋਸਤ ਸੁਰਜੀਤ ਸਿੰਘ ਨੂੰ ਪਾਵਰ ਆਫ਼ ਅਟਾਰਨੀ ਵਜੋਂ ਦੇ ਦਿੱਤੀ। ਸੁਰਜੀਤ ਸਿੰਘ ਨੇ ਇਹ ਕੋਠੀ ਆਪਣੀ ਧੀ ਸਿਮਰਤ ਰਾਣਾ ਨੂੰ ਵੇਚ ਦਿੱਤੀ। ਸਿਮਰਤ ਨੇ ਅੱਗੇ ਇਹ ਕੋਠੀ ਕਿਸੇ ਹੋਰ ਨੂੰ ਵੇਚ ਦਿੱਤੀ ਅਤੇ ਬਿਆਨਾ ਕੀਤਾ ਗਿਆ। ਜਦੋਂ ਸਬੰਧਤ ਕੋਠੀ ਦੀ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਸੁਰਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ। ਇਸ ਲਈ ਖ਼ਰੀਦਦਾਰ ਦੇ ਨਾਂ ਰਜਿਸਟਰੀ ਨਹੀਂ ਹੋ ਸਕੀ। ਇਸ ਤੋਂ ਬਾਅਦ ਅਵਤਾਰਜੀਤ ਨੇ ਆਪਣੀ ਕੋਠੀ ਵੇਚਣ ਲਈ ਕਿਸੇ ਹੋਰ ਵਿਅਕਤੀ ਨਾਲ ਐਗਰੀਮੈਂਟ ਕਰ ਲਿਆ। ਇਸ ਤਰ੍ਹਾਂ ਦੋ ਖ਼ਰੀਦਦਾਰ ਸਾਹਮਣੇ ਆ ਗਏ। ਪੁਲੀਸ ਨੇ ਮੁੱਢਲੀ ਜਾਂਚ ਮਗਰੋਂ ਅਵਤਾਰਜੀਤ ਸਿੰਘ ਧੰਜਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ। ਮੁਹਾਲੀ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।