ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 13 ਜੂਨ
ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਇੱਥੋਂ ਦੇ ਫੇਜ਼ ਸੱਤ ਦੇ ਉਦਯੋਗਿਕ ਖੇਤਰ ਵਿੱਚ ਮੁਹਾਲੀ ਇੰਡਸਟਰੀ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਛੋਟੇ ਉਦਯੋਗਾਂ ਦੀ ਪ੍ਰਫ਼ੁੱਲਤੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਦੀ ਸਲਾਹ ਨਾਲ ਬਣਾਏ ਗਏ ਬਜਟ ਵਿੱਚ ਉਦਯੋਗਾਂ ਦੇ ਵਿਕਾਸ ਲਈ ਕਈ ਪ੍ਰਾਜੈਕਟ ਲਿਆਂਦੇ ਜਾਣਗੇ। ਇਸ ਮੌਕੇ ਉਨ੍ਹਾਂ ਕੈਗ ਇੰਜਨੀਅਰਿੰਗ ਵੱਲੋਂ ਤਿਆਰ ਕੀਤੀ ਮਲਟੀ ਯੂਟਿਲਿਟੀ ਲੋਡਿੰਗ ਮਸ਼ੀਨ ਵੀ ਲਾਂਚ ਕੀਤੀ। ਇਸ ਮੌਕੇ ਉਨ੍ਹਾਂ ਕੈਗ ਇੰਜਨੀਅਰਿੰਗ ਦੇ ਮਾਲਕਾਂ ਅਤੇ ਸਮੁੱਚੀ ਟੀਮ ਦੀ ਸਰਾਹਨਾ ਕਰਦਿਆਂ ਆਖਿਆ ਕਿ ਇਹ ਮਸ਼ੀਨ ਜਿੱਥੇ, ਖੇਤੀਬਾੜੀ ਸੈਕਟਰ ਵਿੱਚ ਗੰਨੇ ਦੀ ਲਦਾਈ, ਉਤਰਾਈ ਤੇ ਹੋਰ ਕਾਰਜਾਂ ਲਈ ਵਰਤੀ ਜਾਵੇਗੀ ਅਤੇ ਹੋਰਨਾਂ ਖੇਤਰਾਂ ਵਿੱਚ ਵੀ ਇਸ ਦਾ ਲਾਭ ਲਿਆ ਜਾ ਸਕੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਉਦਯੋਗਪਤੀਆਂ ਤੋਂ ਇਲਾਵਾ ਕੈਗ ਦੇ ਤਕਨੀਕੀ ਡਾਇਰੈਕਟਰ ਆਰਆਰ ਅਗਰਵਾਲ, ਜੇਆਰ ਚੌਧਰੀ, ਐੱਮਡੀ ਰੋਹਿਤ ਗਰੋਵਰ ਹਾਜ਼ਰ ਸਨ।