ਸਰਬਜੀਤ ਸਿੰਘ ਭੱਟੀ
ਲਾਲੜੂ, 1 ਜੁਲਾਈ
ਮੌਨਸੂਨ ਦੀ ਪਹਿਲੀ ਬਾਰਿਸ਼ ਦੇ 24 ਘੰਟੇ ਬਾਅਦ ਵੀ ਅੰਬਾਲਾ-ਕਾਲਕਾ ਰੇਲਵੇ ਲਾਈਨ ਹੇਠਾਂ ਬਣੇ ਲਾਲੜੂ ਦੇ ਅੰਡਰਪਾਥ ’ਚ ਅਜੇ ਵੀ ਬਾਰਿਸ਼ ਦਾ ਪਾਣੀ ਭਰਿਆ ਖੜ੍ਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਕਤ ਰੇਲਵੇ ਲਾਈਨ ’ਤੇ ਥਾਣਾ ਲਾਲੜੂ ਦੇ ਪਿੱਛੇ ਬਣੇ ਅੰਡਰਪਾਥ ’ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕਿ ਲਾਲੜੂ ਮੰਡੀ ਤੋਂ ਆਣ-ਜਾਣ ਵਾਲੇ ਲੋਕਾਂ ਨੂੰ ਇਸ ਅੰਡਰਪਾਥ ’ਚੋਂ ਲੰਘਣਾ ਹੁੰਦਾ ਹੈ। ਇਹ ਅੰਡਰਪਾਥ ਇਲਾਕੇ ਦੇ ਦਰਜਨਾਂ ਪਿੰਡਾਂ ਦਾ ਲਾਂਘਾ ਹੈ ਪਰ ਬਾਰਿਸ਼ ਦਾ ਪਾਣੀ ਭਰਨ ਕਾਰਨ ਹਰ ਸਮੇਂ ਇੱਥੇ ਕਿਸੇ ਅਣਹੋਣੀ ਦਾ ਖਤਰਾ ਬਣਿਆ ਰਹਿੰਦਾ ਹੈ। ਕੱਲ੍ਹ ਤੋਂ ਪਾਣੀ ਨੂੰ ਕੱਢਣ ਦਾ ਰੇਲਵੇ ਅਤੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਰੇਲਵੇ ਅੰਡਰਪਾਥ ਵਿੱਚ ਖੜ੍ਹੇ ਬਰਸਾਤੀ ਪਾਣੀ ਨੁੂੰ ਤੁਰੰਤ ਕਢਵਾਇਆ ਜਾਵੇ ਜਾਂ ਇਸ ਦੀ ਨਿਕਾਸੀ ਦਾ ਕੋਈ ਹੋਰ ਯੋਗ ਪ੍ਰਬੰਧ ਕੀਤਾ ਜਾਵੇ।
ਉੱਧਰ, ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਰੇਲਵੇ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਛੇਤੀ ਹੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ।