ਪੱਤਰ ਪ੍ਰੇਰਕ
ਲਾਲੜੂ, 22 ਸਤੰਬਰ
ਅੰਬਾਲਾ-ਕਾਲਕਾ ਰੇਲਵੇ ਲਾਈਨ ਤੇ ਪੁਲੀਸ ਸਟੇਸ਼ਨ ਲਾਲੜੂ ਦੇ ਪਿੱਛੇ ਰੇਲਵੇ ਲਾਈਨ ਤੇ ਬਣਿਆ ਅੰਡਰਬ੍ਰਿਜ ਬਰਸਾਤ ਦੇ ਪਾਣੀ ਨਾਲ ਭਰ ਜਾਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਹੁੂਲਤ ਲਈ ਬਣਿਆ ਇਹ ਅੰਡਰਬ੍ਰਿਜ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਲਈ ਸਰਾਪ ਬਣ ਗਿਆ ਹੈ। ਇਸ ਪ੍ਰਤੀ ਰੇਲਵੇ ਵਿਭਾਗ ਨੂੰ ਉਚੇਚੇ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ, ਵਰਨਾ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਰੇਲਵੇ ਅੰਡਰਬ੍ਰਿਜ ਦੇ ਦੂਜੇ ਪਾਸੇ ਰਹਿੰਦੇ ਲੋਕਾਂ ਜਿਨ੍ਹਾ ਵਿਚ ਡਾ: ਸ਼ਲਿੰਦਰ ਗੌੜ, ਐਡਵੋਕੇਟ ਸੁਨੀਤਾ ਕੋਸ਼ਿਕ, ਅਵਤਾਰ ਸਿੰਘ ਡਹਿਰ, ਰਾਕੇਸ ਪਾਲ ਸੈਣੀ, ਪਵਨ ਕੁਮਾਰ ਸੈਣੀ, ਸੰਜੂ ਰਾਣਾ ਸਮੇਤ ਅਨੇਕਾ ਵਿਅਕਤੀਆਂ ਨੇ ਦੱਸਿਆ ਕਿ ਲੋਕਾਂ ਦੀ ਮੰਗ ਦੇ ਅਧਾਰ ’ਤੇ ਰੇਲਵੇ ਵਿਭਾਗ ਨੇ ਕਈ ਥਾਵਾਂ ਤੇ ਰੇਲਵੇ ਲਾਈਨ ਦੇ ਹੇਠਾਂ ਅੰਡਰਬ੍ਰਿਜ ਬਣਾਏ ਹੋਏ ਹਨ, ਜਿਥੇ ਪਿਛਲੇ ਕਈ ਸਾਲ ਪਹਿਲਾਂ ਪਿੰਡ ਜਨੇਤਪੁਰ ਨੇੜੇ ਰਾਤ ਦੇ ਸਮੇਂ ਅੰਡਰਬ੍ਰਿਜ ’ਚ ਪਾਣੀ ਭਰਨ ਕਾਰਨ ਇਕ ਟਰੈਕਟਰ ਚਾਲਕ ਕਿਸਾਨ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਲਾਲੜੂ ਥਾਣੇ ਦੇ ਪਿੱਛੇ ਬਣੇ ਰੇਲਵੇ ਅੰਡਰਬ੍ਰਿਜ ਰਾਹੀਂ ਲਾਲੜੂ ਪਿੰਡ, ਮਗਰਾ, ਡਹਿਰ, ਆਲਮਗੀਰ, ਬਸੀ ਸਮੇਤ ਕਈ ਪਿੰਡਾਂ ਦੇ ਲੋਕ ਰਾਤ ਦੇਰ ਸਵੇਰ ਲੰਘਦੇ ਹਨ, ਬਰਸਾਤੀ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਲੋਕਾ ਨੂੰ ਆਪਣੇ ਘਰਾਂ ਵਿਚ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਅੰਡਰਬ੍ਰਿਜ ਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ।