ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਜੂਨ
ਮੁਹਾਲੀ ਤੋਂ ਖਾਨਪੁਰ ਟੀ-ਪੁਆਇੰਟ ਤੱਕ ਉਸਾਰੀ ਅਧੀਨ ਫਲਾਈਓਵਰ ਅਤੇ ਐਲੀਵੇਟਿਡ ਸੜਕ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਨੇੜੇ ਲਾਂਘਾ ਨਾ ਛੱਡਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਪਿੰਡ ਵਾਸੀ ਅਤੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਪਿੰਡ ਵਿੱਚ ਧਾਰਮਿਕ ਅਸਥਾਨ ’ਤੇ ਹਰ ਐਤਵਾਰ ਨੂੰ ਲੋਕ ਨਤਮਸਤਕ ਹੁੰਦੇ ਹਨ ਅਤੇ ਮਾਘੀ ਦੀ ਸੰਗਰਾਂਦ ਨੂੰ ਮੇਲਾ ਭਰਦਾ ਹੈ।ਇਸ ਤੋਂ ਇਲਾਵਾ ਪਿੰਡ ਦਾਊਂ ਦੇ ਪਿਛਲੇ ਪਾਸੇ ਕਈ ਕਲੋਨੀਆਂ ਅਤੇ ਪਿੰਡ ਹਨ ਜਿਨ੍ਹਾਂ ਨੂੰ ਪਿੰਡ ਦਾਊਂ ਦੇ ਰਸਤੇ ਤੋਂ ਲੰਘਣਾ ਪੈਂਦਾ ਹੈ। ਲਗਭਗ ਇੱਕ ਲੱਖ ਦੀ ਆਬਾਦੀ ਵਾਲੇ ਇਸ ਇਲਾਕੇ ਵਿੱਚ ਭਾਰੀ ਆਵਾਜਾਈ ਰਹਿੰਦੀ ਹੈ ਪਰ ਨੈਸ਼ਨਲ ਹਾਈਵੇਅ-21 ਉੱਤੇ ਬਣ ਰਹੇ ਪੁਲ ਕਾਰਨ ਚੰਡੀਗੜ੍ਹ ਅਤੇ ਮੁਹਾਲੀ ਤੋਂ ਖਰੜ ਜਾਣ ਲਈ ਪਿੰਡ ਦਾਊਂ ਵੱਲ ਜਾਂਦੇ ਦੋ ਰਸਤਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਕਾਰਨ ਖਰੜ ਵੱਲ ਜਾਣ ਲਈ ਕੋਈ ਰਸਤਾ ਨਹੀਂ ਹੈ ਅਤੇ ਮੁਹਾਲੀ ਤੋਂ ਦਾਊਂ ਤੇ ਹੋਰਨਾਂ ਪਿੰਡਾਂ ਨੂੰ ਜਾਣ ਲਈ ਵੀ ਲੋਕਾਂ ਨੂੰ ਦੋ ਕਿੱਲੋਮੀਟਰ ਦੂਰੀ ਤੋਂ ਯੂ-ਟਰਨ ਲੈ ਕੇ ਵਾਪਸ ਆਉਣਾ ਪਵੇਗਾ ਜਦੋਂਕਿ ਟੀਡੀਆਈ ਨੂੰ ਪੁਲ ਦੇ ਥੱਲੇ ਸਿੰਗਲ ਰਸਤੇ ਦਾ ਇਕ ਕੱਟ ਦਿੱਤਾ ਗਿਆ ਹੈ।
ਇਲਾਕੇ ਦੇ ਲੋਕਾਂ ਨੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਨਾਲ ਇਹ ਸਮੱਸਿਆ ਸਾਂਝੀ ਕੀਤੀ। ਦੋਹਾਂ ਆਗੂਆਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਦਾਊਂ ਨੇੜੇ ਲਾਂਘਾ ਖੁੱਲ੍ਹਵਾਉਣ ਲਈ ਪੈਰਵੀ ਕਰਨਗੇ। ਇਸ ਮੌਕੇ ਅਜਮੇਰ ਸਿੰਘ ਸਰਪੰਚ ਪਿੰਡ ਦਾਊਂ, ਚਰਨਜੀਤ ਸਿੰਘ, ਜਸਵੰਤ ਸਿੰਘ, ਸੁਲੱਖਣ ਸਿੰਘ, ਪ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਗੌਤਮ ਸਿੰਘ ਵੀ ਹਾਜ਼ਰ ਸਨ।