ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਮਾਰਚ
ਯੂਟੀ ਦੇ ਪ੍ਰਾਈਵੇਟ ਸਕੂਲਾਂ ਵਿੱਚ ਐਂਟਰੀ ਲੈਵਲ ਜਮਾਤਾਂ ਦੇ ਸਾਲ 2022-23 ਸੈਸ਼ਨ ਲਈ ਵੱਡੀ ਗਿਣਤੀ ਆਰਥਿਕ ਪੱਖੋਂ ਕਮਜ਼ੋਰ ਵਰਗ (ਈਡਬਲਿਊਐੱਸ) ਵਿਦਿਆਰਥੀਆਂ ਦੇ ਮਾਪਿਆਂ ਦੇ ਆਮਦਨ ਸਰਟੀਫਿਕੇਟ ਨਹੀਂ ਬਣੇ ਸਕੇ। ਇਨ੍ਹਾਂ ਅਰਜ਼ੀਆਂ ਨੂੰ ਤਹਿਸੀਲਦਾਰਾਂ ਵਲੋਂ ਤਸਦੀਕ ਹੀ ਨਹੀਂ ਕੀਤਾ ਗਿਆ ਜਿਸ ਕਾਰਨ ਆਮਦਨ ਸਰਟੀਫਿਕੇਟ ਨਹੀਂ ਬਣ ਸਕੇ। ਦੱਸਣਯੋਗ ਹੈ ਕਿ ਇਸ ਵਰਗ ਲਈ ਆਖਰੀ ਤਰੀਕ 28 ਫਰਵਰੀ ਸੀ ਜੋ ਵਿਭਾਗ ਨੇ ਵਧਾ ਕੇ 7 ਮਾਰਚ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਲੇ ਕਈ ਸਕੂਲਾਂ ਨੇ ਇਸ ਵਰਗ ਦੀਆਂ ਪੂਰੀਆਂ ਸੀਟਾਂ ਨਹੀਂ ਭਰੀਆਂ ਤੇ ਸਕੂਲਾਂ ਵਾਲੇ ਦਾਖਲਿਆਂ ਲਈ ਆਉਂਦੇ ਇਸ ਵਰਗ ਦੇ ਮਾਪਿਆਂ ਨੂੰ ਇਹ ਕਹਿ ਕੇ ਵਾਪਸ ਭੇਜ ਰਹੇ ਹਨ ਕਿ ਉਨ੍ਹਾਂ ਦੇ ਸਕੂਲ ਵਿਚ ਸਾਰੀਆਂ ਸੀਟਾਂ ਭਰ ਗਈਆਂ ਹਨ। ਕਈ ਸਕੂਲਾਂ ਨੇ ਇਸ ਵਰਗ ਲਈ ਡਰਾਅ ਵੀ ਨਹੀਂ ਕੱਢੇ। ਇਸ ਕਰ ਕੇ ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਸਾਰੇ ਸਕੂਲ ਈਡਬਲਿਊਐੱਸ ਵਰਗ ਦੀ ਡਰਾਅ ਪ੍ਰਕਿਰਿਆ 15 ਮਾਰਚ ਤਕ ਮੁਕੰਮਲ ਕਰ ਲੈਣ।
ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਲੋਂ ਪ੍ਰਾਈਵੇਟ ਸਕੂਲਾਂ ਵਿੱਚ ਰਾਈਟ-ਟੂ-ਐਜੂਕੇਸ਼ਨ (ਆਰਟੀਈ) ਤਹਿਤ ਆਰਥਿਕ ਪੱਖੋਂ ਕਮਜ਼ੋਰ (ਈਡਬਲਿਊਐੱਸ) ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਦਾਖਲਿਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਸਕੂਲਾਂ ਵੱਲੋਂ ਐਂਟਰੀ ਲੈਵਲ ਜਮਾਤਾਂ ਵਿਚ ਯੋਗ ਵਿਦਿਆਰਥੀਆਂ ਨੂੰ ਦਾਖਲ ਨਹੀਂ ਕੀਤਾ ਗਿਆ। ਇਸ ਕਰ ਕੇ ਵਿਭਾਗ ਨੇ ਈਡਬਲਿਊਐੱਸ ਵਿਦਿਆਰਥੀਆਂ ਦੇ ਵਿਸਥਾਰ ਸਹਿਤ ਵੇਰਵੇ ਮੰਗ ਲਏ ਹਨ। ਵਿਭਾਗ ਨੇ ਇਹ ਵੇਰਵੇ 17 ਮਾਰਚ ਤਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਈਡਬਲਿਊਐੱਸ ਵਿਦਿਆਰਥੀਆਂ ਦੇ ਵੇਰਵਿਆਂ ਬਾਰੇ ਗੁੰਮਰਾਹ ਕੀਤਾ ਜਾਂਦਾ ਹੈ। ਹੁਣ ਜਦੋਂ ਸਿੱਖਿਆ ਵਿਭਾਗ ਕੋਲ ਸਕੂਲਾਂ ਦਾ ਅਲੱਗ ਅਲੱਗ ਸਾਲ ਦਾ ਰਿਕਾਰਡ ਮੌਜੂਦ ਹੋਵੇਗਾ ਤਾਂ ਉਸ ਹਾਲਤ ਵਿਚ ਈਡਬਲਿਊਐੱਸ ਵਿਦਿਆਰਥੀਆਂ ਦੇ ਆਰਟੀਈ ਤਹਿਤ ਦਾਖਲੇ ਵਿੱਚ ਵਧੇਰੇ ਪਾਰਦਰਸ਼ਤਾ ਆਵੇਗੀ। ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਵਿਭਾਗ ਵੱਲੋਂ ਪੜਤਾਲ ਕਰਨ ਲਈ ਰਿਕਾਰਡ ਮੰਗਿਆ ਗਿਆ ਹੈ।
ਸਕੂਲ ਇੰਚਾਰਜ ਖ਼ਿਲਾਫ਼ ਸ਼ਿਕਾਇਤ; ਵਿਭਾਗ ਨੇ ਕਮੇਟੀ ਬਣਾਈ
ਸਰਕਾਰੀ ਮਾਡਲ ਹਾਈ ਸਕੂਲ ਮਨੀਮਾਜਰਾ ਦੀ ਇੰਚਾਰਜ ਤੇ ਕਲਰਕ ਖ਼ਿਲਾਫ਼ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ, ਅਨੁਸ਼ਾਸਨ ਭੰਗ ਕਰਨ ਤੇ ਗਰਾਂਟਾਂ ਨੂੰ ਖੁਰਦ ਬੁਰਦ ਕਰਨ ਸਬੰਧੀ ਸ਼ਿਕਾਇਤ ਸਿੱਖਿਆ ਸਕੱਤਰ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਕੀਤੀ ਗਈ ਹੈ। ਸੋਸ਼ਲ ਵਰਕਰ ਰਣਬੀਰ ਨੇ ਕਿਹਾ ਕਿ ਸਕੂਲ ਲਈ ਆਈਆਂ ਗਰਾਂਟਾਂ ਨੂੰ ਅਸਿੱਧੇ ਤੌਰ ’ਤੇ ਆਪਣੇ ’ਤੇ ਵਰਤਿਆ ਜਾ ਰਿਹਾ ਹੈ। ਸਕੂਲ ਵਿਚ ਦਰਜਾ ਚਾਰ ਕਰਮਚਾਰੀ ਵਲੋਂ ਸਰ਼ਾਬ ਪਿਲਾਈ ਜਾਂਦੀ ਹੈ ਤੇ ਇਸ ਬਾਰੇ ਸਕੂਲ ਇੰਚਾਰਜ ਨੂੰ ਸ਼ਿਕਾਇਤ ਕੀਤੀ ਸੀ ਪਰ ਉਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਸਕੂਲ ਦਾ ਕਲਰਕ ਅਧਿਆਪਕਾਂ ਦੀ ਗੱਲ ਨਹੀਂ ਸੁਣਦਾ। ਸਕੂਲ ਇੰਚਾਰਜ ਤੇ ਕਲਰਕ ਆਪਣਾ ਕੰਮ ਬਾਕੀ ਅਧਿਆਪਕਾਂ ਤੋਂ ਕਰਵਾਉਂਦੇ ਹਨ। ਉਹ ਇਸ ਸਬੰਧੀ ਸਿੱਖਿਆ ਸਕੱਤਰ ਤੇ ਡਾਇਰੈਕਟਰ ਨੂੰ ਮਿਲੇ ਸਨ ਪਰ ਉਨ੍ਹਾਂ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ ਤੇ ਇਸ ਮਾਮਲੇ ਲਈ ਕਮੇਟੀ ਬਣਾ ਦਿੱਤੀ ਹੈ ਜਿਸ ਦੀ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸਕੂਲ ਦੀ ਇੰਚਾਰਜ ਵੰਦਨਾ ਭਾਰਤੀ ਨੇ ਦੋਸ਼ਾਂ ਨੂੰ ਨਿਰਾਆਧਾਰ ਦੱਸਿਆ।