ਪੱਤਰ ਪ੍ਰੇਰਕ
ਕੁਰਾਲੀ, 16 ਜੂਨ
ਸਹਿਕਾਰੀ ਸਭਾਵਾਂ ’ਚ ਖਾਦ ਦੀ ਘਾਟ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਦੇਣ ਦੀ ਮੰਗ ਕਰਦਿਆਂ ਤਿੱਖੇ ਸੰਰਘਸ਼ ਦੀ ਚਿਤਾਵਨੀ ਦਿੱਤੀ ਹੈ। ਪਿੰਡ ਗੁੰਨੋਮਾਜਰਾ ਸੁਸਾਇਟੀ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਆਪਣੀਆਂ ਸੁਸਾਇਟੀਆਂ ’ਚ ਚੱਕਰ ਲਾ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਯੂਰੀਆਂ ਤੇ ਡਾਇਆ ਖਾਦ ਦੀ ਇੱਕ ਬੋਰੀ ਵੀ ਨਹੀਂ ਮਿਲੀ। ਸਹਿਕਾਰੀ ਸਭਾ ਕੰਸਾਲਾ ਤੇ ਗੁੰਨੋਮਾਜਰਾ ਦੇ ਸਕੱਤਰ ਨੇ ਦੱਸਿਆ ਕਿ ਉਹ ਮਾਰਕਫੈੱਡ ਤੇ ਇਫਕੋ ਦੇ ਅਧਿਕਾਰੀਆਂ ਨੂੰ ਖਾਦ ਦੀ ਕਈ ਵਾਰ ਮੰਗ ਬਣਾ ਕੇ ਭੇਜ ਚੁੱਕੇ ਹਨ ਪਰ ਹਰ ਵਾਰ ਭਰੋਸੇ ਦੇ ਬਾਵਜੂਦ ਖਾਦ ਸਪਲਾਈ ਨਹੀਂ ਕੀਤੀ ਜਾ ਰਹੀ। ਇਸ ਕਾਰਨ ਹੀ ਇਹ ਸਮੱਸਿਆ ਬਣੀ ਹੋਈ ਹੈ। ਇਸੇ ਦੌਰਾਨ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਗੁਰਪ੍ਰੀਤ ਸਿੰਘ ਪਲਹੇੜੀ ਤੇ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਦਰਸ਼ਨ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਗੰਭੀਰ ਨਾ ਹੋਣ ਕਾਰਨ ਖਾਦ ਦੇ ਫਸਲ ਦੀ ਲੋੜ ਲਈ ਅਗਾਊਂ ਪ੍ਰਬੰਧ ਨਹੀਂ ਕਰ ਰਹੀ। ਜਿਸ ਕਾਰਨ ਫਸਲ ਦੇ ਪ੍ਰਭਾਵਿਤ ਹੋਣ ਨਾਲ ਜਿੱਥੇ ਕਿਸਾਨ ਆਮਦਨ ਪੱਖੋਂ ਘਾਟੇ ਵਿੱਚ ਜਾਣਗੇ, ਉਥੇ ਸਮੇਂ ਕਿਸਾਨਾਂ ਤੋਂ ਖਾਦ ਦੀ ਰਿਕਵਰੀ ਨਾਲ ਆਮਦਨ ਨਾ ਹੋਣ ਤੇ ਸੁਸਾਇਟੀਆਂ ਘਾਟੇ ਵਿੱਚ ਚਲੇ ਜਾਣਗੀਆਂ। ਇਸ ਲਈ ਜੇਕਰ ਸਬੰਧਿਤ ਪ੍ਰਸਾਸਨਿਕ ਅਧਿਕਾਰੀਆਂ ਨੇ ਜਲਦੀ ਖਾਦ ਦੀ ਸਪਲਾਈ ਸੁਰੂ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਧਰਨਾ ਦਿੱਤਾ ਜਾਵੇਗਾ।