ਹਰਜੀਤ ਸਿੰਘ
ਜ਼ੀਰਕਪੁਰ, 3 ਜੁਲਾਈ
ਮੌਨਸੂਨ ਦੀ ਆਮਦ ਨਾਲ ਸ਼ਹਿਰ ਵਾਸੀਆਂ ਲਈ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਥਾਂ-ਥਾਂ ਪਾਣੀ ਭਰ ਜਾਂਦਾ ਹੈ।
ਮੀਂਹ ਰੁਕਣ ਨਾਲ ਕੁਝ ਥਾਵਾਂ ਤੋਂ ਤਾਂ ਪਾਣੀ ਆਪਣੇ ਆਪ ਉਤਰ ਜਾਂਦਾ ਹੈ ਜਦਕਿ ਕੁਝ ਥਾਵਾਂ ’ਤੇ ਦਿਨ ਬਾਅਦ ਵੀ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਭ ਤੋਂ ਵਧ ਪ੍ਰੇਸ਼ਾਨੀ ਲੋਹਗੜ੍ਹ ਖੇਤਰ ਵਿੱਚ ਬਣੀ ਹੋਈ ਹੈ। ਲੋਹਗੜ੍ਹ ਦੇ ਨੀਵੇਂ ਖੇਤਰ ਵਿੱਚ ਜਿੱਥੇ ਮੀਂਹ ਪੈਣ ਨਾਲ ਪਾਣੀ ਭਰ ਜਾਂਦਾ ਹੈ, ਉੱਥੇ ਹੀ ਇੰਥੋਂ ਦੇ ਸਰਕਾਰੀ ਸਕੂਲ ਦੇ ਬਾਹਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਖੜ੍ਹਾ ਰਹਿੰਦਾ ਹੈ। ਬਾਹਰ ਪਾਣੀ ਖੜ੍ਹਾ ਹੋਣ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਦੇ ਅੰਦਰ ਜਾਣ ਵੇਲੇ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਮੀਂਹ ਜ਼ਿਆਦਾ ਤੇਜ਼ ਹੋਣ ਕਾਰਨ ਸਕੂਲ ਦੇ ਅੰਦਰ ਵੀ ਪਾਣੀ ਖੜ੍ਹਾ ਹੋ ਜਾਂਦਾ ਹੈ।
ਇਸੇ ਤਰ੍ਹਾਂ ਲੋਹਗੜ੍ਹ ਦੇ ਸੁਵਿਧਾ ਕੇਂਦਰ ਦੇ ਮੈਦਾਨ ਵਿੱਚ ਪਾਣੀ ਭਰਨ ਨਾਲ ਇੱਥੇ ਆਉਣ ਵਾਲੇ ਸਟਾਫ਼ ਅਤੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਦਿੱਕਤ ਪੇਸ਼ ਆਉਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਸਥਾਨਕ ਲੋਕਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਪਰ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਨਿਕਾਸੀ ਦੇ ਪ੍ਰਬੰਧ ਦਰੁਸਤ ਕੀਤੇ ਗਏ ਹਨ। ਜੇਕਰ ਕਿਸੇ ਥਾਂ ਕੋਈ ਖਾਮੀ ਰਹਿ ਗਈ ਹੈ ਉਸ ਨੂੰ ਛੇਤੀ ਠੀਕ ਕਰਵਾ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਲੋਗਹੜ੍ਹ ਦੇ ਸਕੂਲ ਅਤੇ ਸੁਵਿਧਾ ਕੇਂਦਰ ਦੇ ਬਾਹਰ ਨਿਕਾਸੀ ਪ੍ਰਬੰਧ ਠੀਕ ਕੀਤੇ ਜਾਣਗੇ।