ਹਰਜੀਤ ਸਿੰਘ
ਜ਼ੀਰਕਪੁਰ, 30 ਜੁਲਾਈ
ਪਿੰਡ ਭਬਾਤ ਵਿੱਚ ਲੰਘੇ ਕਰੀਬ ਇਕ ਮਹੀਨੇ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੂਸ਼ਿਤ ਪਾਣੀ ਕਾਰਨ ਬਿਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪਿੰਡ ਦੇ ਵਸਨੀਕ ਵਿਨੋਦ ਕੁਮਾਰ, ਸਿਕੰਦਰ ਅਲੀ, ਹਰਵਿੰਦਰ ਕੁਮਾਰ, ਅਮਰਜੀਤ ਸਿੰਘ ਨੇ ਦੱਸਿਆ ਕਿ ਲੰਘੇ ਦਿਨੀਂ ਪਿੰਡ ਵਿੱਚ ਪਾਣੀ ਦੀ ਨਵੀਂ ਲਾਈਨ ਵਿਛਾਈ ਗਈ ਸੀ ਜਿਸ ਮਗਰੋਂ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰ ਤੋਂ ਐਨਾ ਦੂਸ਼ਿਤ ਪਾਣੀ ਆ ਰਿਹਾ ਹੈ ਜਿਸ ਦੀ ਕਿਸੇ ਘਰੇਲੂ ਕੰਮ ਲਈ ਵਰਤੋਂ ਨਹੀਂ ਕੀਤੀ ਜਾ ਸਕਦੀ। ਜਦੋਂ ਉਹ ਕੌਂਸਲ ਅਧਿਕਾਰੀਆਂ ਨੂੰ ਸ਼ਿਕਾਇਤ ਕਰਦੇ ਹਨ ਤਾਂ ਉਹ ਸਮੱਸਿਆ ਠੀਕ ਕਰ ਕੇ ਚਲੇ ਜਾਂਦੇ ਹਨ ਪਰ ਅੱਜ ਤਾਂ ਪੀਣ ਵਾਲਾ ਪਾਣੀ ਪੂਰਾ ਗੰਧਲਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਪਾਣੀ ਵਿੱਚ ਮਿੱਟੀ ਰਲ ਕੇ ਆ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਐਨਾ ਗੰਦਲਾ ਆ ਰਿਹਾ ਹੈ ਕਿ ਮਹੀਨੇ ਵਿੱਚ ਦੋ ਵਾਰ ਪਾਣੀ ਦੀ ਟੈਂਕੀ ਸਾਫ ਕਰਨੀ ਪੈਂਦੀ ਹੈ। ਦੂਸ਼ਿਤ ਪਾਣੀ ਦੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਵੱਲੋਂ ਫਿਲਟਰ ਵੀ ਲਾਏ ਗਏ ਹਨ ਪਰ ਅਜਿਹੇ ਗੰਦੇ ਪਾਣੀ ਦੀ ਵਰਤੋਂ ਫਿਰ ਵੀ ਖ਼ਤਰਨਾਕ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਨਵੀਂ ਲਾਈਨ ਵਿਛਾਈ ਗਈ ਸੀ ਪਰ ਇਸ ਦੇ ਬਾਵਜੂਦ ਗੰਦਲੇ ਪਾਣੀ ਦੀ ਸਮੱਸਿਆ ਹੱਲ ਨਹੀਂ ਹੋ ਰਹੀ।
ਜੇਈ ਵੱਲੋਂ ਸਮੱਸਿਆ ਹੱਲ ਕਰਨ ਦਾ ਭਰੋਸਾ
ਨਗਰ ਕੌਂਸਲ ਦੇ ਜੇਈ ਕੁਲਵੰਤ ਸਿੰਘ ਨੇ ਦੱਸਿਆ ਕਿ ਮੌਨਸੂਨ ਦੌਰਾਨ ਲਾਈਨ ਵਿੱਚ ਕਿਸ ਥਾਂ ਤੋਂ ਮਿੱਟੀ ਰਲ ਰਹੀ ਹੈ ਜਿਸ ਕਾਰਨ ਪਾਣੀ ਗੰਦਲਾ ਸਪਲਾਈ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮ ਸਮੱਸਿਆ ਦਾ ਹੱਲ ਕਰਨ ਵਿੱਚ ਜੁੱਟੇ ਹੋਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਛੇਤੀ ਹੀ ਸਮੱਸਿਆ ਹੱਲ ਕਰ ਦਿੱਤੀ ਜਾਏਗੀ।