ਹਰਜੀਤ ਸਿੰਘ
ਡੇਰਾਬੱਸੀ, 4 ਅਕਤੂਬਰ
ਇਥੋਂ ਦੀ ਗੁਲਾਬਗੜ੍ਹ ਰੋਡ ’ਤੇ ਸਥਿਤ ਗਣੇਸ਼ ਵਿਹਾਰ ਕਲੋਨੀ ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਕਲੋਨੀ ਵਿੱਚ ਲੰਮੇ ਸਮੇਂ ਤੋਂ ਸਿਆਸੀ ਆਗੂ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦੇ ਰਹੇ ਹਨ ਪਰ ਲੰਮੇਂ ਸਮੇ ਤੋਂ ਵਾਅਦਿਆਂ ਨੂੰ ਬੂਰ ਨਹੀਂ ਪਿਆ। ਇਸ ਕਾਰਨ ਕਲੋਨੀ ਦੇ ਵਸਨੀਕਾਂ ਵਿੱਚ ਭਾਰੀ ਰੋਸ ਹੈ। ਕਲੋਨੀ ਦੇ ਬਾਸ਼ਿੰਦਿਆਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਵਾਰ-ਵਾਰ ਕਲੋਨੀ ਸਬੰਧੀ ਸਮੱਸਿਆਵਾਂ ਬਾਰੇ ਦੱਸੇ ਜਾਣ ਮਗਰੋਂ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਹੁਣ ਤੱਕ ਕਲੋਨੀ ਵੱਲ ਧਿਆਨ ਨਹੀਂ ਦਿੱਤਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗਣੇਸ਼ ਵਿਹਾਰ ਕਲੋਨੀ ਵਿੱਚ ਸਹੂਲਤਾਂ ਨਾ ਹੋਣ ਕਾਰਨ ਕਲੋਨੀ ਦੇ ਵਸਨੀਕ ਭਾਰੀ ਪ੍ਰੇਸ਼ਾਨੀ ਵਿੱਚ ਸਮਾਂ ਲੰਘਾ ਰਹੇ ਹਨ। ਕਲੋਨੀ ਵਿੱਚ ਹਾਲੇ ਤੱਕ ਪੀਣ ਵਾਲੇ ਪਾਣੀ ਤੇ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਹੈ। ਕਲੋਨੀ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਪੈਸੇ ਖਰਚ ਕੇ ਸਬਮਰਸੀਬਲ ਪੰਪ ਲਵਾ ਕੇ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ, ਪਰ ਇਹ ਪਾਣੀ ਵੀ ਪੀਣ ਯੋਗ ਨਹੀਂ ਹੈ। ਇਸ ਤੋਂ ਇਲਾਵਾ ਸੀਵਰੇਜ ਲਈ ਲੋਕਾਂ ਨੇ ਆਪਣੇ ਘਰਾਂ ਵਿੱਚ ਖੱਡੇ ਕੀਤੇ ਹੋਏ ਹਨ। ਕਲੋਨੀ ਵਿੱਚ ਸਟਰੀਟ ਲਾਈਟ ਦਾ ਵੀ ਕੋਈ ਪ੍ਰਬੰਧ ਨਹੀ ਹੈ, ਜਿਸ ਕਾਰਨ ਸ਼ਾਮ ਹੁੰਦੇ ਹੀ ਹਨੇਰਾ ਪਸਰ ਜਾਂਦਾ ਹੈ। ਨਗਰ ਕੌਂਸਲ ਵੱਲੋਂ ਕਲੋਨੀ ਵਿੱਚ ਨਿਯਮਿਤ ਸਫ਼ਾਈ ਨਾ ਕਰਵਾਉਣ ਕਾਰਨ ਇਥੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹਨ। ਕਲੋਨੀ ਦਾ ਦੂਸ਼ਿਤ ਪਾਣੀ ਖਾਲੀ ਪਲਾਟਾਂ ਵਿੱਚ ਇਕੱਤਰ ਹੁੰਦਾ ਰਹਿੰਦਾ ਹੈ। ਦੂਸ਼ਿਤ ਪਾਣੀ ਵਿੱਚੋਂ ਹਰ ਵੇਲੇ ਬਦਬੂ ਆਉਂਦੀ ਰਹਿੰਦੀ ਹੈ, ਜਿਸ ਕਾਰਨ ਇਥੇ ਬਿਮਾਰੀ ਫੈ਼ਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸਫ਼ਾਈ ਨਾ ਹੋਣ ਕਾਰਨ ਉੱਚੀਆਂ-ਉੱਚੀਆਂ ਝਾੜੀਆਂ ਊੱਗ ਆਈਆਂ ਹਨ, ਜਿਨ੍ਹਾਂ ਵਿੱਚੋਂ ਅਕਸਰ ਜ਼ਹਿਰੀਲੇ ਕੀੜੇ ਤੇ ਸੱਪ ਨਿਕਲ ਕੇ ਘਰਾਂ ਵਿੱਚ ਵੜ ਜਾਂਦੇ ਹਨ। ਕਲੋਨੀ ਵਾਸੀਆਂ ਨੇ ਦੱਸਿਆ ਕਿ ਹਰੇਕ ਚੋਣਾਂ ਵਿੱਚ ਸਿਆਸੀ ਆਗੂ ਇਥੇ ਵਿਕਾਸ ਕਾਰਜ ਸ਼ੁਰੂ ਕਰਨ ਦਾ ਭਰੋਸਾ ਦੇ ਜਾਂਦੇ ਹਨ, ਪਰ ਚੋਣਾਂ ਲੰਘਣ ਮਗਰੋਂ ਕੋਈ ਸਾਰ ਨਹੀਂ ਲੈਂਦਾ। ਇਸ ਬਾਰੇ ਗੱਲ ਕਰਨ ’ਤੇ ਕਲੋਨੀ ਦੇ ਪ੍ਰਧਾਨ ਸੰਜੂ ਕੁਮਾਰ ਨੇ ਦੱਸਿਆ ਕਿ ਕੌਂਸਲ ਦੇ ਆਗੂਆਂ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਇਥੇ ਕੰਮ ਸ਼ੁਰੂ ਕਰਵਾਏ ਜਾਣਗੇ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਛੇਤੀ ਕਲੋਨੀ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ।