ਪੀ.ਪੀ. ਵਰਮਾ
ਪੰਚਕੂਲਾ, 16 ਅਪਰੈਲ
ਪੰਚਕੂਲਾ ਵਿੱਚ ਨਿੱਜੀ ਸਕੂਲਾਂ ਵਾਲੇ ਮਾਪਿਆਂ ਤੋਂ ਟਿਊਸ਼ਨ ਫ਼ੀਸ ਲੈਣ ਵਾਸਤੇ ਨਵੇਂ ਨਵੇਂ ਤਰੀਕੇ ਅਪਣਾ ਰਹੇ ਹਨ ਅਤੇ ਇਸ ਵਿੱਚ ਸਾਲਾਨਾ ਖਰਚ ਵੀ ਜੋੜਿਆ ਜਾ ਰਿਹਾ ਹੈ। ਸ਼ਹਿਰ ਦੇ ਕੁਝ ਨਿੱਜੀ ਸਕੂਲ ਸਾਲਾਨਾ ਖਰਚ ਜਮਾ ਨਹੀਂ ਕਰਾਉਣ ਉੱਤੇ ਵਿਦਿਆਰੀਥੀਆਂ ਦਾ ਨਤੀਜਾ ਵੀ ਜਾਰੀ ਨਹੀਂ ਕਰ ਰਹੇ। ਸਕੂਲ ਪ੍ਰਬੰਧਕਾਂ ਨੇ ਟਿਊਸ਼ਨ ਫ਼ੀਸ ਵਿੱਚ 17 ਤੋਂ 30 ਫ਼ੀਸਦੀ ਵਾਧਾ ਕੀਤਾ ਹੈ। ਕੁਝ ਮਾਪੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਵੀ ਪਹੁੰਚੇ ਹਨ। ਇਸ ਤੋਂ ਬਾਅਦ ਵੀ ਮਾਪਿਆਂ ਨੂੰ ਕੋਰੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸ਼ਹਿਰ ਵਿੱਚ 20 ਨਿੱਜੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਕੋਲੋਂ ਸਾਲਾਨਾ ਖਰਚ ਵੀ ਲਿਆ ਜਾ ਰਿਹਾ ਹੈ। ਜ਼ਿਆਦਾਤਰ ਮਾਪੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਪ ਹਨ ਅਤੇ ਇਹ ਫ਼ੀਸ ਭਰਨ ਲਈ ਮਜਬੂਰ ਹਨ। ਮਾਪਿਆਂ ਨੇ ਕਿਹਾ ਕਿ ਨਿੱਜੀ ਸਕੂਲਾਂ ਨੂੰ ਅੱਠ ਤੋਂ ਦਸ ਫ਼ੀਸਦੀ ਟਿਊਸ਼ਨ ਫ਼ੀਸ ਵਧਾਉਣ ਦੇ ਨਿਰਦੇਸ਼ ਸਨ, ਪਰ ਉਹ ਮਨਮਰਜ਼ੀ ਕਰ ਰਹੇ ਹਨ। ਉੱਧਰ, ਡੀਈਓ ਉਰਮਿਲਾ ਦੇਵੀ ਨੇ ਪ੍ਰਾਈਵੇਟ ਸਕੂਲਾਂ ਨੂੰ ਗ਼ਲਤ ਢੰਗ ਨਾਲ ਫ਼ੀਸ ਵਧਾਉਣ ਦੇ ਤਰੀਕੇ ਨੂੰ ਲੈ ਕੇ ਕਿਹਾ ਕਿ ਜੇਕਰ ਉਨ੍ਹਾਂ ਨੇ ਮਨਮਰਜ਼ੀ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।