ਮਿਹਰ ਸਿੰਘ
ਕੁਰਾਲੀ, 29 ਅਗਸਤ
ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਜੀਤ ਸਿੰਘ ਬੈਂਸ ਦੀ ਅਗਵਾਈਂ ਵਾਲੀ ਖੇਤੀਬਾੜੀ ਟੀਮਾਂ ਨੇ ਕੁਰਾਲੀ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਫਸਲਾਂ ਦਾ ਜਾਇਜ਼ਾ ਲਿਆ। ਟੀਮ ਨੇ ਤਾਜਪੁਰਾ, ਕਿਸ਼ਨਪੁਰਾ ਅਤੇ ਭੂਪਨਗਰ ਵਿੱਚ ਮੱਕੀ, ਜੰਤਰ, ਝੋਨਾ ਆਦਿ ਫ਼ਸਲਾਂ ਦਾ ਨਿਰੀਖਣ ਕੀਤਾ ਤੇ ਕਿਸਾਨਾਂ ਨੂੰ ਸਹੀ ਮਾਤਰਾ ਅਨੁਸਾਰ ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਸ੍ਰੀ ਬੈਂਸ ਨੇ ਜੰਤਰ ਦੀ ਫ਼ਸਲ ਬਾਰੇ ਪਿੰਡ ਭੂਪਨਗਰ ਵਿਚ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਜੰਤਰ ਦੀ ਬਿਜਾਈ ਕਰਕੇ ਖੇਤ ਵਿਚ ਮਿਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਹੋਣ ਦੇ ਨਾਲ ਖੇਤਾਂ ਵਿਚ ਰਸਾਇਣਕ ਖ਼ਾਦਾਂ ਦੀ ਲੋੜ ਨਹੀਂ ਪੈਂਦੀ। ਊਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਕਿਸਾਨ ਮੱਕੀ ਦੀ ਫ਼ਸਲ ਵੱਲ ਵਧੇਰੇ ਉਤਸ਼ਹਿਤ ਹੋਏ ਹਨ। ਪਿਛਲੇ ਪੰਜ ਸਾਲਾਂ ਦੌਰਾਨ ਜ਼ਿਲ੍ਹੇ ਵਿਚ ਮੱਕੀ ਦੀ ਫ਼ਸਲ ਦੀ ਕਾਸ਼ਤ ਹੇਠਲਾ ਰਕਬਾ ਦੁੱਗਣਾ ਹੋ ਗਿਆ ਹੈ ਤੇ ਮੌਜੂਦਾ ਵਰ੍ਹੇ ਮੱਕੀ ਦੀ ਫ਼ਸਲ ਹੇਠ ਤਿੰਨ ਹਜ਼ਾਰ ਹੈਕਟੇਅਰ ਦੇ ਕਰੀਬ ਰਕਬੇ ਦਾ ਰਿਕਾਰਡ ਵਾਧਾ ਹੋਇਆ ਹੈ। ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਅਤੇ ਇਲਾਕੇ ਦੇ ਕਿਸਾਨ ਹਾਜ਼ਰ ਸਨ।
ਮੱਕੀ ਹੇਠ ਵਧੇ ਰਕਬੇ ਦੇ ਵੇਰਵੇ
ਖੇਤੀ ਮਾਹਿਰਾਂ ਨੇ ਦੱਸਿਆ ਕਿ 2016 ਵਿੱਚ ਜ਼ਿਲ੍ਹੇ ਵਿਚ 5597 ਹੈਕਟੇਅਰ ਰਕਬੇ ਵਿਚ ਮੱਕੀ ਦੀ ਫ਼ਸਲ ਦੀ ਬਿਜਾਈ ਹੋਈ ਸੀ ਜਿਸ ਵਿਚ ਮਾਜਰੀ ਬਲਾਕ ਵਿਚ 1889 ਹੈਕਟੇਅਰ , ਖਰੜ ਬਲਾਕ ਵਿਚ 2302 ਹੈਕਟੇਅਰ ਤੇ 1406 ਹੈਕਟੇਅਰ ਮੱਕੀ ਦੀ ਫ਼ਸਲ ਬੀਜੀ ਗਈ ਸੀ। ਇਸੇ ਦੌਰਾਨ 2017 ਵਿਚ ਮੋਹਾਲੀ ਜ਼ਿਲ੍ਹੇ ਵਿਚ 5568 ਹੈਕਟੇਅਰ , 2018 ਵਿਚ 5745 ਹੈਕਟੇਅਰ ਤੇ 2019 ਵਿਚ 7773 ਹੈਕਟੇਅਰ ਰਕਬੇ ਵਿਚ ਮੱਕੀ ਦੀ ਫ਼ਸਲ ਦੀ ਬਿਜਾਈ ਹੋਈ ਸੀ। ਮੌਜੂਦਾ ਵਰ੍ਹੇ ਮੁਹਾਲੀ ਜ਼ਿਲ੍ਹੇ ਦੇ 10600 ਹੈਕਟੇਅਰ ਵਿਚ ਮੱਕੀ ਦੀ ਫ਼ਸਲ ਕਿਸਾਨਾਂ ਵੱਲੋਂ ਬੀਜੀ ਗਈ ਹੈ ਜਿਸ ਵਿਚ ਮਾਜਰੀ ਬਲਾਕ ਵਿਚ 3270 ਹੈਕਟੇਅਰ, ਖਰੜ ਬਲਾਕ ਵਿਚ 4350 ਹੈਕਟੇਅਰ ਤੇ ਡੇਰਾਬਸੀ ਬਲਾਕ ਵਿਚ 2980 ਹੈਕਟੇਅਰ ਰਕਬਾ ਸ਼ਾਮਲ ਹੈ।