ਸਰਬਜੀਤ ਸਿੰਘ ਭੱਟੀ
ਲਾਲੜੂ, 20 ਜੁਲਾਈ
ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਖੇਲਣ ਵਿੱਚ ਮੰਦਰ ਦੇ ਪੁਜਾਰੀ ਨੇ ਕੁਰੂਕਸ਼ੇਤਰ ਤੋਂ ਮੰਦਰ ਵਿੱਚ ਆਈ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਪੁਜਾਰੀ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਮੰਦਰ ਕੰਪਲੈਕਸ ਵਿਚ ਨਸ਼ੇ ਕੀਤੇ ਜਾਣ ਦੀ ਗੱਲ ਵੀ ਕਹੀ। ਪੁਲੀਸ ਨੇ ਪੁਜਾਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ ਤਿੰਨ ਦਿਨਾਂ ਦੇ ਰਿਮਾਂਡ ਹਾਸਲ ਕੀਤਾ।
ਥਾਣਾ ਮੁਖੀ ਹੰਡੇਸਰਾ ਰਜਨੀਸ਼ ਚੌਧਰੀ ਨੇ ਦੱਸਿਆ ਕਿ ਮੰਦਰ ਵਿੱਚ ਕੁਰੂਕਸ਼ੇਤਰ ਦੀ ਰਹਿਣ ਵਾਲੀ ਔਰਤ ਆਪਣੇ ਲੜਕੇ ਦਾ ਪੁਜਾਰੀ ਤੋਂ ਇਲਾਜ ਕਰਵਾਉਣ ਲਈ ਆਈ ਸੀ ਤੇ ਪੁਜਾਰੀ ਨੇ ਔਰਤ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਔਰਤ ਵੱਲੋ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੁਜਾਰੀ ਰਾਮਜੀ ਦਾਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲੀਸ ਨੇ ਪੀੜਤ ਔਰਤ ਦੇ ਬਿਆਨ ’ਤੇੇ ਪੁਜਾਰੀ ਖਿਲਾਫ਼ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਹੈ।
ਪੁਜਾਰੀ ਨੇ ਗੁਨਾਹ ਕਬੂਲਿਆ; ਮੰਦਰ ਨੂੰ ਨਸ਼ੇ ਦਾ ਅੱਡਾ ਦੱਸਿਆ
ਪੁਜਾਰੀ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਇਕ ਵੀਡੀਓ ’ਚ ਦੱਸਿਆ ਕਿ ਮੰਦਰ ਕੰਪਲੈਕਸ ਵਿੱਚ ਪਿੰਡ ਦੇ ਹੀ ਸਿਆਸੀ ਅਸਰਰਸੂਖ ਵਾਲੇ ਵਿਅਕਤੀ ਨਸ਼ਾ ਕਰਦੇ ਹਨ। ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਮੰਦਰ ਦੇ ਨਾਂ 18 ਕਿੱਲੇ ਜ਼ਮੀਨ ਹੈ ਅਤੇ ਮਾੜੇ ਅਨਸਰਾਂ ਬਾਰੇ ਪ੍ਰਸ਼ਾਸਨ ਤੇ ਪੁਲੀਸ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਪਰ ਇਕ ਸਿਆਸੀ ਆਗੂ ਦਾ ਹੱਥ ਹੋਣ ਕਾਰਨ ਕਦੇ ਠੋਸ ਕਾਰਵਾਈ ਨਹੀਂ ਹੋਈ। ਇਸ ਘਟਨਾ ਨੂੰ ਲੈ ਕੇ ਪਿੰਡ ਹਿੰਦੂ ਸੰਗਠਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮੰਦਰ ’ਤੇ ਜ਼ਮੀਨ ਦਾ ਕਬਜ਼ਾ ਸਿਆਸੀ ਲੋਕਾਂ ਤੋਂ ਲੈ ਕੇ ਨਵ-ਗਠਿਤ ਕਮੇਟੀ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਧਾਰਮਿਕ ਅਸਥਾਨ ਦੀ ਦੁਰਵਰਤੋਂ ਰੋਕੀ ਜਾ ਸਕੇ।