ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ (ਮੁਹਾਲੀ), 8 ਅਪਰੈਲ
ਮਕਾਨਾਂ ਦੀ ਉਸਾਰੀ ਕਰ ਰਹੇ ਲੋਕਾਂ ਨੂੰ ਇਨ੍ਹੀਂ ਦਿਨੀਂ ਰੇਤੇ ਤੇ ਬਜਰੀ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਪੰਜਾਬ ਵਿੱਚ ਜ਼ਿਆਦਾਤਰ ਮਾਈਨਿੰਗ ਬੰਦ ਹੋਣ ਕਾਰਨ ਇਨ੍ਹੀਂ ਦਿਨੀਂ ਹਰਿਆਣਾ ਦੇ ਯਮੁਨਾਨਗਰ ਵਿੱਚੋਂ ਰੇਤਾ ਆ ਰਿਹਾ ਹੈ, ਜਿਹੜਾ ਲੋਕਾਂ ਨੂੰ ਕਾਫ਼ੀ ਮਹਿੰਗਾ ਮਿਲ ਰਿਹਾ ਹੈ। ਸੀਮਿੰਟ ਤੇ ਸਰੀਏ ਦੇ ਭਾਅ ਵੀ ਲਗਾਤਾਰ ਵਧ ਰਹੇ ਹਨ। ਇੱਟਾਂ ਦੀਆਂ ਕੀਮਤਾਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ। ਵਿਰੋਧੀ ਧਿਰਾਂ ‘ਆਪ’ ਸਰਕਾਰ ਉੱਤੇ ਰੇਤੇ, ਬਜਰੀ ਦੀ ਮਾਰਕੀਟ ਵਿੱਚ ਅਣਹੋਂਦ ਨੂੰ ਲੈ ਕੇ ਸਵਾਲ ਚੁੱਕ ਰਹੀਆਂ ਹਨ। ਰੇਤਾ-ਬਜਰੀ ਮਾਰਕੀਟ ਵਿੱਚ ਨਾ ਮਿਲਣ ਕਾਰਨ ਉਸਾਰੀ ਦੇ ਕੰਮ ਵੀ ਬੰਦ ਹੋਣ ਲੱਗੇ ਹਨ।
ਜਾਣਕਾਰੀ ਅਨੁਸਾਰ ਮਾਰਕੀਟ ਵਿੱਚ ਰੇਤੇ ਦੀ ਬਹੁਤ ਕਿੱਲਤ ਚੱਲ ਰਹੀ ਹੈ। ਜਿਹੜਾ ਰੇਤਾ ਫਰਵਰੀ ਮਹੀਨੇ ਵਿੱਚ 20 ਰੁਪਏ ਫੁੱਟ ਦੇ ਹਿਸਾਬ ਨਾਲ ਖਪਤਕਾਰ ਦੇ ਘਰ ਤੱਕ ਪਹੁੰਚਦਾ ਸੀ, ਹੁਣ ਉਹੀ ਰੇਤਾ 32 ਤੋਂ 35 ਰੁਪਏ ਫੁੱਟ ਉੱਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਬਜਰੀ ਦੀਆਂ ਕੀਮਤਾਂ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਬਜਰੀ ਦਾ 400 ਫੁੱਟ ਵਾਲਾ ਟਿੱਪਰ ਜਿਹੜਾ ਪਹਿਲਾਂ 8000 ਰੁਪਏ ਦੇ ਕਰੀਬ ਮਿਲਦਾ ਸੀ, ਹੁਣ 10 ਹਜ਼ਾਰ ਤੋਂ ਉੱਪਰ ਮਿਲਦਾ ਹੈ। ਸੀਮਿੰਟ ਦੀਆਂ ਦਰਾਂ ਵਿੱਚ ਵੀ ਨਿੱਤ ਦਿਨ ਵਾਧਾ ਹੋ ਰਿਹਾ ਹੈ। ਪਿਛਲੇ ਮਹੀਨੇ ਸੀਮਿੰਟ ਦਾ ਥੈਲਾ 360-370 ਰੁਪਏ ਦੇ ਕਰੀਬ ਸੀ, ਜਿਸ ਦੀ ਹੁਣ ਕੀਮਤ 410 ਰੁਪਏ ਹੋ ਗਈ ਹੈ। ਸਰੀਏ ਦੀਆਂ ਕੀਮਤਾਂ 60 ਰੁਪਏ ਕਿਲੋ ਤੋਂ 80 ਰੁਪਏ ਕਿਲੋ ਤੱਕ ਵਧ ਗਈਆਂ ਸਨ। ਵੱਖ-ਵੱਖ ਤਰ੍ਹਾਂ ਦੀਆਂ ਇੱਟਾਂ ਦਾ ਰੇਟ ਪਹਿਲਾਂ 5500 ਤੋਂ 6500 ਇੱਟ ਪ੍ਰਤੀ ਹਜ਼ਾਰ ਤੱਕ ਸੀ, ਜਿਹੜਾ ਹੁਣ 6500 ਤੋਂ 7500 ਰੁਪਏ ਪ੍ਰਤੀ ਹਜ਼ਾਰ ’ਤੇ ਪਹੁੰਚ ਗਿਆ ਹੈ। ਮਕਾਨਾਂ ਦੀ ਉਸਾਰੀ ਕਰਾ ਰਹੇ ਲੋਕ ਨਿਰਮਾਣ ਮਟੀਰੀਅਲ ਦੀਆਂ ਨਿੱਤ ਦਿਨ ਵਧ ਰਹੀਆਂ ਕੀਮਤਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਇਸੇ ਦੌਰਾਨ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਜਰਾਤ, ਹਿਮਾਚਲ ਪ੍ਰਦੇਸ਼ ਆਦਿ ਦਾ ਧਿਆਨ ਛੱਡ ਕੇ ਪੰਜਾਬ ਵੱਲ ਧਿਆਨ ਦੇਣ ਲਈ ਆਖਿਆ ਹੈ।