ਪੱਤਰ ਪ੍ਰੇਰਕ
ਕੁਰਾਲੀ, 28 ਜੂਨ
ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਇਕੱਤਰਤਾ ਸਥਾਨਕ ਖਾਲਸਾ ਕੁਰਾਲੀ ਵਿੱਚ ਹੋਈ। ਇਸ ਮੀਟਿੰਗ ਵਿੱਚ ਸਾਹਿਤਕਾਰਾਂ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਸਾਹਿਤਕਾਰਾਂ ਨੇ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਕੱਤਰਤਾ ਦੇ ਪਹਿਲੇ ਚਰਨ ’ਚ ਕਾਮਰੇਡ ਗੁਰਨਾਮ ਸਿੰਘ ਰੋਪੜ ਦਾ ਵਿਸ਼ੇਸ਼ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਕਾਮਰੇਡ ਨੇ ਰੋਜ਼ਾਨਾ ਪੰਜਾਬੀ ਅਖ਼ਬਾਰ ਅਤੇ ਇਨ੍ਹਾਂ ਵਿਚਲੀ ਸਾਹਿਤਕ ਸਮੱਗਰੀ ਪੜ੍ਹਨ ਦੀ ਆਦਤ ਪਾਉਣ ਦੀ ਗੱਲ ਕਹੀ। ਇਸ ਮੌਕੇ ਚੱਲੇ ਸਾਹਿਤਕ ਦੌਰ ਦਾ ਆਗਾਜ਼ ਅਮਰਜੀਤ ਕੌਰ ਨੇ ਮਨੋਹਰ ਭਵਾਨੀ ਛੰਦ ਵਿੱਚ ਰਚੀ ਕਵਿਤਾ ‘ਕਾਗਜ਼ਾਂ ਦੀ ਦੁਨੀਆ’ ਰਾਹੀਂ ਕਰਦਿਆਂ ਖੁਲ੍ਹੀ ਕਵਿਤਾ ਦੇ ਪ੍ਰਯੋਜਨ ਬਾਰੇ ਵਿਚਾਰ ਪੇਸ਼ ਕੀਤੇ। ਚਰਨਜੀਤ ਸਿੰਘ ਕਤਰਾ ਸਹੌੜਾਂ ਨੇ ‘ਧਰਤੀ ਮਾਂ’ ਪੇਸ਼ ਕੀਤੀ। ਗੀਤਕਾਰ ਲਾਭ ਸਿੰਘ ਚਤਾਮਲੀ ਨੇ ਆਪਣੇ ਗੀਤ ਰਾਹੀਂ ਨਸ਼ੇ ਦੇ ਸ਼ਿਕਾਰ ਬਣੇ ਨੌਜਵਾਨਾਂ ਦੇ ਦਰਦਨਾਕ ਹਾਲਾਤ ਦੱਸ ਕੇ ਦਿਲਾਂ ਨੂੰ ਹਲੂਣਾ ਦਿੱਤਾ। ਕੁਲਵਿੰਦਰ ਖੈਰਾਬਾਦੀ ਨੇ ਕਵਿਤਾ ‘ਭਖਦੇ ਸਫ਼ਰ’ ਰਾਹੀਂ ਹਾਜ਼ਰੀ ਲਵਾਈ। ਕੇਸਰ ਸਿੰਘ ਕੰਗ ਨੇ ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖਾਂ ਬਾਰੇ ਚਾਨਣਾ ਪਾਇਆ। ਸੁਰਿੰਦਰ ਸਿੰਘ ਰਸੂਲਪੁਰੀ ਨੇ ਬਚਪਨ ਦੀਆਂ ਮਿੱਠੀਆਂ ਯਾਦਾਂ ਕਵਿਤਾ ਪੇਸ਼ ਕੀਤੀ।