ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਜੂਨ
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਸ਼ਾਮ ਮੁਹਾਲੀ ਏਅਰਪੋਰਟ ਸੜਕ (ਪੀਆਰ-7) ਤੋਂ 21 ਕਿਲੋਮੀਟਰ ਲੰਮੀ ਸੜਕ ’ਤੇ ਹਾਦਸਿਆਂ ਵਾਲੇ ਬਲੈਕ ਸਪਾਟਸ ਦੀ ਪਛਾਣ ਅਤੇ ਸੜਕ ਸੁਰੱਖਿਆ ਆਡਿਟ ਸਿਰਲੇਖ ’ਤੇ ਖੋਜ ਅਧਿਐਨ ਰਿਪੋਰਟ ਜਾਰੀ ਕੀਤੀ। ਦੱਸਣਯੋਗ ਹੈ ਕਿ ਏਅਰਪੋਰਟ ਸੜਕ 200 ਫੁੱਟ ਚੌੜੀ ਹੋਣ ਕਾਰਨ ਚਾਲਕ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਹਨ ਅਤੇ ਆਏ ਦਿਨ ਸੜਕ ਹਾਦਸੇ ਵਾਪਰਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਰਿਪੋਰਟ ਪੰਜਾਬ ਰੋਡ ਸੇਫ਼ਟੀ ਐਂਡ ਟਰੈਫ਼ਿਕ ਰਿਸਰਚ ਸੈਂਟਰ ਮੁਹਾਲੀ ਵੱਲੋਂ ਪੰਜਾਬ ਸਰਕਾਰ ਦੇ ਟਰੈਫ਼ਿਕ ਸਲਾਹਕਾਰ ਡਾ. ਨਵਦੀਪ ਅਸੀਜਾ ਦੀ ਅਗਵਾਈ ਹੇਠ ਵਿਦਿਆਰਥੀ ਸੁਨੀਲ ਸ਼ਰਮਾ, ਨਰੇਸ਼ ਸ਼ਰਮਾ, ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਲੁਧਿਆਣਾ ਦੇ ਕੇਸ਼ਵ ਰਾਜ ਜੋਸ਼ੀ ਅਤੇ ਸ੍ਰੀ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਦੇ ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਵਿਦਿਆਰਥੀਆਂ ਨੇ ਆਪਣੇ ਬੀਟੈੱਕ ਖੋਜ ਪ੍ਰਾਜੈਕਟ ਦੇ ਹਿੱਸੇ ਵਜੋਂ ਇਸ ਪ੍ਰਾਜੈਕਟ ’ਤੇ ਕੰਮ ਕੀਤਾ ਹੈ। ਇਹ ਅਧਿਐਨ ਸੇਫ਼ ਸੁਸਾਇਟੀ ਪੰਜਾਬ ਦੁਆਰਾ ਸਹਾਇਤਾ ਪ੍ਰਾਪਤ ਹੈ ਅਤੇ ਸੜਕ ਸੁਰੱਖਿਆ ਇੰਜਨੀਅਰ ਸਿਮਰਨਜੀਤ ਸਿੰਘ ਅਤੇ ਚਰਨਜੀਤ ਦੁਆਰਾ ਨਿਗਰਾਨੀ ਕੀਤੀ ਗਈ ਹੈ।