ਹਰਜੀਤ ਸਿੰਘ
ਡੇਰਾਬੱਸੀ, 22 ਜੁਲਾਈ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਅੱਜ ਹਲਕਾ ਡੇਰਾਬੱਸੀ ਦੇ ਅਧੀਨ ਆਉਂਦੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰ ਉਥੇ ਚਲ ਰਹੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੌੜੇਮਾਜਰਾ ਨੇ ਕਿਹਾ ਕਿ 15 ਅਗਸਤ ਆਜਾਦੀ ਦਿਹਾੜੇ ਨੂੰ ਸੂਬੇ ਵਿੱਚ 75 ਮੁਹੱਲਾ ਕਲੀਨਿਕ ਚਾਲੂ ਕਰ ਦਿੱਤੇ ਜਾਣਗੇ। ਜਦਕਿ ਇਸੇ ਵਿੱਤੀ ਸਾਲ ਵਿੱਚ 105 ਮੁਹੱਲਾ ਕਲੀਨਿਕ ਚਾਲੂ ਕੀਤੇ ਜਾਣਗੇ। ਇਥੇ 40 ਕਿਸਮ ਦੇ ਟੈਸਟ ਅਤੇ 100 ਕਿਸਮ ਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦਾ ਦੌਰਾ ਕਰ ਉਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਿਧਾਇਕ ਰੰਧਾਵਾ ਨੇ ਸਿਹਤ ਮੰਤਰੀ ਨੂੰ ਸਿਵਲ ਹਸਪਤਾਲ ਵਿੱਚ ਥਾਂ ਦੀ ਘਾਟ ਦੀ ਸਮੱਸਿਆ ਤੋਂ ਜਾਣੂ ਕਰਵਾਉਂਦਿਆਂ ਇਸਦੇ ਨਾਲ ਬੀਡੀਪੀਓ ਦਫ਼ਤਰ ਦਾ ਮੌਕੇ ਦਾ ਦੌਰਾ ਕਰਵਾਇਆ।
ਸਿੱਖਿਆ ਮੰਤਰੀ ਵੱਲੋਂ ਪਿੰਡ ਛੱਤ ਦੇ ਸਕੂਲ ਦਾ ਦੌਰਾ
ਜ਼ੀਰਕਪੁਰ (ਪੱਤਰ ਪ੍ਰੇਰਕ): ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਛੱਤ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਕੂਲ ਅਧਿਆਪਕਾਂ ਨਾਲ ਗੱਲਬਾਤ ਕਰ ਆਉਣ ਵਾਲੀ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਅਧਿਆਪਕਾਂ ਨੇ ਸਕੂਲ ਵਿੱਚ ਪਖਾਨੇ, ਬਿਲਡਿੰਗ ਦੀ ਆ ਰਹੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਜਦਕਿ ਦੂਜੇ ਪਾਸੇ ਮੌਕੇ ’ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਵਿੱਚ ਸਾਫ਼ ਸਫ਼ਾਈ ਦੇ ਮਾੜੇ ਪ੍ਰਬੰਧਾਂ ਸਬੰਧੀ ਉਹ ਕਈਂ ਦਿਨਾਂ ਤੋਂ ਸ਼ਿਕਾਇਤਾਂ ਕਰ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਸਕੂਲ ਵਿੱਚ ਛਾਪਾ ਮਾਰਨ ਨਹੀਂ ਸਗੋਂ ਜ਼ਮੀਨੀ ਪੱਧਰ ’ਤੇ ਸਕੂਲਾਂ ਦੀ ਹਾਲਤ ਦੇਖਣ ਲਈ ਪਹੁੰਚੇ ਹਨ।