ਪੱਤਰ ਪ੍ਰੇਰਕ
ਲਾਲੜੂ, 28 ਜੂਨ
ਲਾਲੜੂ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਗੋਲਡਨ ਫੋਰੈਸਟ ਕੰਪਨੀ ਦੀ ਹਜ਼ਾਰਾਂ ਏਕੜ ਜ਼ਮੀਨ ਜੋ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਪੰਜਾਬ ਸਰਕਾਰ ਦੇ ਨਾਂ ਹੈ, ਉਕਤ ਜ਼ਮੀਨ ’ਤੇ ਪਿਛਲੇ ਦੋ-ਢਾਈ ਦਹਾਕਿਆਂ ਤੋਂ ਅਸਰ ਰਸੂਖ ਰੱਖਣ ਵਾਲੇ ਸਿਆਸੀ ਆਗੂਆਂ ਨੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਪੰਜਾਬੀ ਟ੍ਰਿਬਿਊਨ ਵਲੋਂ ਉਕਤ ਮਾਮਲੇ ਨੂੰ 5 ਮਈ ਦੇ ਅਖ਼ਬਾਰ ਵਿੱਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਵੀ ਕੀਤਾ ਗਿਆ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਐੱਸ.ਡੀ.ਐੱਮ ਡੇਰਾਬਸੀ ਹਿਮਾਂਸ਼ੂ ਗੁਪਤਾ ਨੇ 27 ਜੂਨ ਨੂੰ ਇਕ ਪੱਤਰ ਨੰਬਰ. 1022/ਸ ਦੇ ਰਾਹੀਂ ਤਹਿਸੀਲਦਾਰ, ਡੇਰਾਬਸੀ ਨੂੰ ਕਿਹਾ ਹੈ ਕਿ ਗੋਲਡਨ ਫੋਰੈਸਟ ਦੀ ਜ਼ਮੀਨ ਉਪਰ ਨਾਜਾਇਜ਼ ਕਬਜ਼ਿਆਂ ਸਬੰਧੀ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਲਿਖਿਆ ਕਿ ਮੁਨਿਆਦੀ ਕਰਵਾ ਕੇ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਹਰ ਆਮ ਤੇ ਖਾਸ ਨੂੰ ਸੁੂਚਿਤ ਕੀਤਾ ਜਾਵੇ ਕਿ ਗੋਲਡਨ ਫੋਰੈਸਟ ਦੀ ਜ਼ਮੀਨ ’ਤੇ ਨਾ ਕਿਸੇ ਤਰ੍ਹਾਂ ਦਾ ਕਬਜ਼ਾ ਕੀਤਾ ਜਾਵੇ ਅਤੇ ਨਾ ਹੀ ਇਸ ਦੀ ਵਾਹੀ ਕੀਤੀ ਜਾਵੇ, ਜੇਕਰ ਕਿਸੇ ਵਿਅਕਤੀ ਵੱਲੋਂ ਕਬਜ਼ਾ ਕੀਤਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।