ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਵਿੱਚ ਅੱਠਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਸੀਨੀਅਰ ਵਾਈਸ ਚੇਅਰਮੈਨ ਦਲਵਿੰਦਰ ਸਿੰਘ ਅਤੇ ਮੈਨੇਜਰ ਕਮ ਪ੍ਰਿੰਸੀਪਲ ਸਤਬਿੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਜਸਮੇਨ ਸਿੰਘ ਨੋਨੀ, ਚੇਅਰਮੈਨ ਬਲਬੀਰ ਸਿੰਘ, ਚੇਅਰਮੈਨ ਕੁਲਵਿੰਦਰ ਸਿੰਘ, ਚੇਅਰਮੈਨ ਬਲਜਿੰਦਰ ਸਿੰਘ, ਪ੍ਰਿੰਸੀਪਲ ਡਾ. ਨੀਰਜ ਪ੍ਰਿਆ ਅਤੇ ਸਿੰਘ ਸਭਾਵਾਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿਚ ਭਾਈ ਹਰਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸੀਸ ਗੰਜ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸਕੂਲ ਦੀ ਪ੍ਰਾਇਮਰੀ ਵਿੰਗ ’ਚ ਬਣਾਈ ਗਈ ‘ਡਿਵਨਿਟੀ ਲੈਬ’ ਦਾ ਉਦਘਾਟਨ ਕੀਤਾ। ਸਕੂਲ ਪ੍ਰਬੰਧਕਾਂ ਨੇ ਆਏ ਪਤਵੰਤਿਆਂ ਨੂੰ ਦੁਸ਼ਾਲਾ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ। ਪਰਵਿੰਦਰ ਸਿੰਘ ਲੱਕੀ ਤੇ ਹੋਰਾਂ ਨੇ ਕਿਹਾ ਕਿ ਸਕੂਲ ਪੱਧਰ ’ਤੇ ਇਹ ਲੈਬ ਬਣਾਉਣ ਲਈ ਕਾਫ਼ੀ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਤਾਂ ਕਿ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਨਵੀਨਤਮ ਢੰਗ ਨਾਲ ਦਿੱਤੀ ਜਾ ਸਕੇ। ਖਾਸ ਤੌਰ ’ਤੇ ਐੱਲ.ਸੀ.ਡੀ. ਰਾਹੀਂ ਵਿਦਿਆਰਥੀਆਂ ਨੂੰ ਦਸਤਾਵੇਜ਼ੀ ਫ਼ਿਲਮਾਂ ਦਿਖਾਉਣ ਦੇ ਉਪਰਾਲੇ ਵੀ ਸਮੇਂ-ਸਮੇਂ ’ਤੇ ਕੀਤੇ ਜਾਣਗੇ।