ਕਰਮਜੀਤ ਸਿੰਘ ਚਿੱਲਾ
ਬਨੂੜ, 16 ਸਤੰਬਰ
ਚੀਨੀ ਵਾਇਰਸ ਕਾਰਨ ਬਨੂੜ ਖੇਤਰ ਦੇ ਸਮੁੱਚੇ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਵੱਡੀ ਪੱਧਰ ਉੱਤੇ ਨੁਕਸਾਨੀ ਗਈ ਹੈ। ਪਿੰਡ ਹੁੰਬੜਾ ਤੇ ਮਨੌਲੀ ਸੂਰਤ ਆਦਿ ਵਿੱਚ ਕਈ ਕਿਸਾਨ ਆਪਣਾ ਝੋਨਾ ਵਾਹ ਚੁੱਕੇ ਹਨ। ਸਮੁੱਚੇ ਪਿੰਡਾਂ ਵਿੱਚ ਝੋਨੇ ਦੀ ਪੀਆਰ 131 ਕਿਸਮ ਇਸ ਵਾਇਰਸ ਦੀ ਮਾਰ ਹੇਠ ਹੈ। ਹੋਰਨਾਂ ਬੀਜਾਂ ’ਤੇ ਇਸ ਵਾਇਰਸ ਦਾ ਪ੍ਰਭਾਵ ਘੱਟ ਹੈ। ਕਿਸਾਨ ਖੇਤੀਬਾੜੀ ਮੁਲਾਜ਼ਮਾਂ ਨੂੰ ਆਪਣੇ ਖੇਤਾਂ ਵਿੱਚ ਬੁਲਾ ਕੇ ਆਪਣਾ ਖਰਾਬ ਹੋ ਚੁੱਕਿਆ ਝੋਨਾ ਦਿਖਾ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਬਨੂੜ ਵਿੱਚ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕੇ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।
ਪਿੰਡ ਬਠਲਾਣਾ ਦੇ ਕਿਸਾਨਾਂ ਹਰਪਾਲ ਸਿੰਘ, ਬਲਕਾਰ ਸਿੰਘ, ਲਖਵੀਰ ਸਿੰਘ ਅਤੇ ਜਰਨੈਲ ਸਿੰਘ ਬਬਲਾ ਨੇ ਖੇਤੀਬਾੜੀ ਮੁਲਾਜ਼ਮਾਂ ਨੂੰ ਆਪਣੇ ਝੋਨੇ ਦੇ ਖੇਤ ਦਿਖਾਏ। ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਛੇ ਏਕੜ ਦੇ ਕਰੀਬ ਝੋਨਾ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਬੂਟੇ ਮਧਰੇ ਰਹਿ ਗਏ ਹਨ ਤੇ ਇਹ ਨਿੱਸਰੇ ਹੀ ਨਹੀਂ ਹਨ, ਨਾ ਹੀ ਦਾਣਿਆਂ ਦੇ ਸਿੱਟੇ ਨਿਕਲੇ ਹਨ। ਪਿੰਡ ਦੇ ਬਾਕੀ ਕਿਸਾਨਾਂ ਨੇ ਵੀ ਅਜਿਹੀ ਗੱਲ ਆਖੀ। ਪਿੰਡ ਕੁਰੜੀ ਵਿੱਚ ਵੀ ਅੱਧੀ ਦਰਜਨ ਤੋਂ ਵੱਧ ਕਿਸਾਨਾਂ ਦਾ ਝੋਨਾ ਇਸ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਬਾਕੀ ਪਿੰਡਾਂ ਦੀ ਵੀ ਇਹੀ ਕਹਾਣੀ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲੇ ਤੱਕ ਖਰਾਬ ਹੋਏ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਾਉਣ ਦੀ ਲੋੜ ਵੀ ਨਹੀਂ ਸਮਝੀ। ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸੇਖਨਮਾਜਰਾ ਤੇ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਬਨੂੜ ਵਿੱਚ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ। ਕਿਸਾਨ ਆਗੂਆਂ ਗਿਰਦਾਵਰੀ ਨਾ ਕਰਾਏ ਜਾਣ ਦੀ ਸੂਰਤ ਵਿੱਚ ਸੰਘਰਸ਼ ਦੀ ਚਿਤਾਵਨੀ ਦਿੱਤੀ।
ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲਿਆਂ ਨੂੰ ਦੂਹਰੀ ਮਾਰ
ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਝੋਨੇ ਦੇ ਚੀਨੀ ਵਾਇਰਸ ਨੇ ਕੱਖੋਂ ਹੌਲੇ ਕਰ ਦਿੱਤੇ ਹਨ। ਤੀਹ ਤੋਂ ਚਾਲੀ ਹਜ਼ਾਰ ਦੇ ਕਰੀਬ ਪ੍ਰਤੀ ਏਕੜ ਦਾ ਠੇਕਾ ਅਤੇ ਦਸ ਹਜ਼ਾਰ ਪ੍ਰਤੀ ਏਕੜ ਤੋਂ ਵੱਧ ਝੋਨੇ ਉੱਤੇ ਹੋਏ ਹੋਰ ਖਰਚੇ ਦੇ ਬਾਵਜੂਦ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ। ਅਜਿਹੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਕਣਕ ਦੇ ਘੱਟ ਝਾੜ ਤੇ ਹੁਣ ਝੋਨੇ ਦੀ ਬਿਮਾਰੀ ਨੇ ਉਨ੍ਹਾਂ ਨੂੰ ਕਰਜ਼ਈ ਕਰ ਦਿੱਤਾ ਹੈ।