ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ
ਪਾਵਰਕੌਮ ਠੇਕਾ ਮੁਲਾਜ਼ਮ ਆਪਣੀ ਮੰਗਾਂ ਦੀ ਪੂਰਤੀ ਲਈ ਫਿਰ ਤੋਂ ਸੰਘਰਸ਼ ਵਿੱਢਣ ਦੇ ਰੌਂਅ ਵਿੱਚ ਹਨ। ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਬੀਤੀ 19 ਅਗਸਤ ਅਤੇ 2 ਸਤੰਬਰ ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਹੋਈਆਂ ਮੀਟਿੰਗਾਂ ਦੀ ਕਾਰਵਾਈ ਦਾ ਰੀਵਿਊ ਕੀਤਾ ਗਿਆ।
ਮੀਟਿੰਗ ਵਿੱਚ ਵੱਖ-ਵੱਖ ਸਰਕਲ ਡਿਵੀਜ਼ਨ ਪ੍ਰਧਾਨਾਂ/ਸਕੱਤਰਾਂ ਅਤੇ ਹੋਰਨਾਂ ਆਗੂਆਂ ਨੇ ਸ਼ਮੂਲੀਅਤ ਕੀਤੀ। ਸੂਬਾ ਜਰਨਲ ਸਕੱਤਰ ਵਰਿੰਦਰ ਸਿੰਘ ਸਣੇ ਹੋਰਨਾਂ ਆਗੂਆਂ ਨੇ ਕਿਹਾ ਕਿ 2 ਅਕਤੂਬਰ ਨੂੰ ਕਿਰਤ ਮੰਤਰੀ ਸਮੇਤ ਪਾਵਰਕੌਮ ਅਤੇ ਕਿਰਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਸੱਦੀ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਠੇਕਾ ਮੁਲਾਜ਼ਮਾਂ ਦੀਆਂ ਪ੍ਰਵਾਨਿਤ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਤਾਂ ਉਹ ਫਿਰ ਤੋਂ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।