ਜਗਮੋਹਨ ਸਿੰਘ
ਰੂਪਨਗਰ, 8 ਜੁਲਾਈ
ਕੁੱਝ ਦਿਨ ਪਹਿਲਾਂ ਮੀਂਹ ਪੈਣ ਤੋਂ ਬਾਅਦ ਘਟੀ ਬਿਜਲੀ ਦੀ ਮੰਗ ਨੇ ਦੁਬਾਰਾ ਜ਼ੋਰ ਫੜ ਲਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 13000 ਮੈਗਾਵਾਟ ਨਾਲੋਂ ਵੱਧ ਸੀ। ਉਪਰੰਤ ਪਾਵਰਕੌਮ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦਾ ਉਤਪਾਦਨ ਵਧਾ ਦਿੱਤਾ ਗਿਆ ਹੈ। ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਰਕਾਰੀ ਥਰਮਲ ਪਲਾਂਟਾਂ ਦੇ ਅੱਠ ਵਿੱਚੋਂ ਸੱਤ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਦੋ ਨੰਬਰ ਯੂਨਿਟ ਤਕਨੀਕੀ ਖ਼ਰਾਬੀ ਕਰ ਕੇ ਲੰਬੇ ਸਮੇਂ ਤੋਂ ਬੰਦ ਪਿਆ ਹੈ, ਜਦੋਂਕਿ ਇਸ ਪਲਾਂਟ ਦੇ ਯੂਨਿਟ ਨੰਬਰ-1 ਵੱਲੋਂ 158 , ਯੂਨਿਟ ਨੰਬਰ-3 ਵੱਲੋਂ 191 ਅਤੇ ਯੂਨਿਟ ਨੰਬਰ-4 ਵੱਲੋਂ 194 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ-3 ਵੱਲੋਂ 157, ਯੂਨਿਟ ਨੰਬਰ-4 ਵੱਲੋਂ 182 , ਯੂਨਿਟ ਨੰਬਰ-5 ਵੱਲੋਂ 183 ਅਤੇ ਯੂਨਿਟ ਨੰਬਰ-6 ਵੱਲੋਂ 197 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। 840 ਮੈਗਾਵਾਟ ਸਮਰੱਥਾ ਵਾਲੇ ਚਾਰੋਂ ਯੂਨਿਟ ਖ਼ਬਰ ਲਿਖੇ ਜਾਣ ਸਮੇਂ 717 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਸਨ। ਥਰਮਲ ਪਲਾਂਟ ਰੂਪਨਗਰ ਦਾ 4 ਨੰਬਰ ਯੂਨਿਟ ਪਿਛਲੇ ਕੁੱਝ ਦਿਨਾਂ ਤੋਂ ਬੰਦ ਪਿਆ ਸੀ, ਜਿਸ ਨੂੰ ਬੀਤੀ ਰਾਤ ਚਾਲੂ ਕੀਤਾ ਗਿਆ ਹੈ। ਰੂਪਨਗਰ ਜ਼ਿਲ੍ਹੇ ਦੇ ਕੋਟਲਾ ਪਾਵਰ ਹਾਊਸ ਅਤੇ ਨੱਕੀਆਂ ਵਿੱਚ ਸਥਿਤ 134 ਮੈਗਾਵਾਟ ਸਮਰੱਥਾ ਵਾਲੇ ਪਣ ਬਿਜਲੀ ਘਰਾਂ ਵੱਲੋਂ ਅੱਜ 120 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ ਰਾਜਪੁਰਾ ਥਰਮਲ ਪਲਾਂਟ 1319, ਤਲਵੰਡੀ ਸਾਬੋ 1623 ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ 1 ਨੰਬਰ ਯੂਨਿਟ ਵੱਲੋਂ 229 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ, ਜਦੋਂਕਿ ਇਸ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਨੁਕਸ ਕਾਰਨ ਬੰਦ ਪਿਆ ਹੈ।