ਪੱਤਰ ਪੇ੍ਰਕ
ਐਸ.ਏ.ਐਸ. ਨਗਰ (ਮੁਹਾਲੀ), 12 ਜੁਲਾਈ
ਇੱਥੋਂ ਦੇ ਸੈਕਟਰ-70 (ਪਿੰਡ ਮਟੌਰ) ਵਿੱਚ ਨੌਜਵਾਨ ਮੁਟਿਆਰ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਦੀ ਪਛਾਣ ਵੰਦਨਾ (20) ਵਜੋਂ ਹੋਈ ਹੈ। ਉਹ ਕੱਪੜੇ ਸਿਲਾਈ ਦਾ ਕੰਮ ਕਰਦੀ ਸੀ। ਉਸ ਦਾ ਪਿਤਾ ਅਨਿਲ ਕੁਮਾਰ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਜਦੋਂ ਇਹ ਘਟਨਾ ਵਾਪਰੀ। ਉਸ ਸਮੇਂ ਵੰਦਨਾ ਘਰ ਵਿੱਚ ਇਕੱਲੀ ਸੀ। ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਵੰਦਨਾ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਸਬੰਧੀ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ ਜਦੋਂਕਿ ਬੀਤੇ ਕੱਲ੍ਹ ਲੜਕੀ ਦਾ ਅੰਤਿਮ ਸੰਸਕਾਰ ਕਰਨ ਮੌਕੇ ਪੰਡਿਤ ਨੇ ਗਲੇ ’ਤੇ ਜ਼ਖ਼ਮ ਦਾ ਨਿਸ਼ਾਨ ਦੇਖ ਕੇ ਸਸਕਾਰ ਰੋਕ ਕੇ ਪੁਲੀਸ ਨੂੰ ਇਤਲਾਹ ਦਿੱਤੀ ਸੀ। ਪੰਡਿਤ ਨੂੰ ਸ਼ੱਕ ਸੀ ਕਿ ਸ਼ਾਇਦ ਲੜਕੀ ਦੀ ਹੱਤਿਆ ਕੀਤੀ ਗਈ ਹੈ ਪ੍ਰੰਤੂ ਅੱਜ ਪੋਸਟ ਮਾਰਟਮ ਰਿਪੋਰਟ ਵਿੱਚ ਸਾਫ਼ ਹੋ ਗਿਆ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ।