ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 24 ਮਈ
ਯੂਟੀ ਵਿੱਚ ਕੇਂਦਰ ਦੇ ਨਿਯਮ ਲਾਗੂ ਹੋਣ ਕਾਰਨ ਇੱਥੇ ਡੈਪੂਟੇਸ਼ਨ ’ਤੇ ਆਉਣ ਵਾਲੇ ਅਧਿਆਪਕਾਂ ਦੀ ਤਾਇਨਾਤੀ ਦੀ ਪ੍ਰਕਿਰਿਆ ਲਟਕ ਗਈ ਹੈ ਜਦੋਂ ਕਿ ਇਸ ਵੇਲੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਾਫੀ ਘਾਟ ਹੈ। ਜ਼ਿਕਰਯੋਗ ਹੈ ਕਿ ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਦੋ ਸੌ ਦੇ ਕਰੀਬ ਅਧਿਆਪਕ ਡੈਪੂਟੇਸ਼ਨ ’ਤੇ ਸੱਦੇ ਜਾਣੇ ਸਨ। ਵਿਭਾਗ ਨੇ ਪੰਜਾਬ ਦੇ ਅਧਿਆਪਕਾਂ ਦੀ ਇੰਟਰਵਿਊ ਵੀ ਲੈ ਲਈ ਹੈ ਪਰ ਫਿਲਹਾਲ ਅਮਲ ਰੁਕ ਗਿਆ ਹੈ।
ਜਾਣਕਾਰੀ ਅਨੁਸਾਰ ਯੂਟੀ ਦੇ ਸਿੱਖਿਆ ਵਿਭਾਗ ਨੇ ਪੰਜਾਬ ਤੇ ਹਰਿਆਣਾ ਦੇ ਸਿੱਖਿਆ ਵਿਭਾਗ ਕੋਲੋਂ ਅਧਿਆਪਕਾਂ ਦਾ ਪੈਨਲ ਮੰਗਿਆ ਸੀ। ਪੰਜਾਬ ਦੇ ਅਧਿਆਪਕਾਂ ਦੀ ਇਸ ਸਾਲ ਇੰਟਰਵਿਊ ਵੀ ਮੁਕੰਮਲ ਹੋ ਗਈ ਸੀ। ਯੂਟੀ ਨੇ ਪੰਜਾਬ ਤੋਂ ਪਹਿਲਾਂ 63 ਅਧਿਆਪਕਾਂ ਦਾ ਪੈਨਲ ਮੰਗਿਆ ਸੀ ਜਿਨ੍ਹਾਂ ਵਿੱਚ ਵਿਗਿਆਨ ਦੇ 34, ਸੋਸ਼ਲ ਸਾਇੰਸ ਦੇ 20, ਗਣਿਤ ਦੇ 8 ਆਦਿ ਅਧਿਆਪਕ ਸ਼ਾਮਲ ਹਨ। ਪੰਜਾਬ ਵਿੱਚੋਂ ਡੈਪੂਟੇਸ਼ਨ ’ਤੇ ਆਉਣ ਨੂੰ ਤਿਆਰ ਇਕ ਅਧਿਆਪਕ ਨੇ ਦੱਸਿਆ ਕਿ ਉਸ ਨੇ ਇੰਟਰਵਿਊ ਪ੍ਰਕਿਰਿਆ ਵੀ ਮੁਕੰਮਲ ਕਰ ਲਈ ਸੀ ਪਰ ਵਿਭਾਗ ਨੇ ਹਾਲੇ ਤੱਕ ਚੰਡੀਗੜ੍ਹ ਵਿੱਚ ਤਾਇਨਾਤ ਹੋਣ ਵਾਲੇ ਅਧਿਆਪਕਾਂ ਦੀ ਸੂਚੀ ਜਾਰੀ ਨਹੀਂ ਕੀਤੀ। ਇਸ ਤੋਂ ਇਲਾਵਾ ਯੂਟੀ ਨੇ ਹਰਿਆਣਾ ਤੋਂ ਅਧਿਆਪਕਾਂ ਦਾ ਪੈਨਲ ਵੀ ਮੰਗਿਆ ਸੀ। ਇਸ ਪੈਨਲ ਲਈ ਅਧਿਆਪਕਾਂ ਨੇ ਅਪਲਾਈ ਕਰ ਦਿੱਤਾ ਹੈ। ਯੂਟੀ ਦੇ ਇਕ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਅਧਿਆਪਕਾਂ ਨੂੰ ਅਜੇ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਦੂਜੇ ਪਾਸੇ ਹਰਿਆਣਾ ਦੇ ਪੈਨਲ ਨੂੰ ਹਾਲੇ ਤਕ ਇਸ ਲਈ ਨਹੀਂ ਵਿਚਾਰਿਆ ਗਿਆ ਕਿਉਂਕਿ ਨਵੇਂ ਨਿਯਮ ਲਾਗੂ ਹੋਣ ਨਾਲ ਨਵੇਂ ਸਿਰੇ ਤੋਂ ਤਾਇਨਾਤੀਆਂ ਕੀਤੀਆਂ ਜਾਣਗੀਆਂ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਉਹ ਡੈਪੂਟੇਸ਼ਨ ਉੱਤੇ ਆਏ ਅਧਿਆਪਕਾਂ ਖ਼ਿਲਾਫ਼ ਨਹੀਂ ਹਨ ਪਰ ਪਾਲਿਸੀ ਬਣਾ ਕੇ ਮਿਆਦ ਪੁਗਾ ਚੁੱਕੇ ਅਧਿਆਪਕਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਸਥਾਨਕ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਰੁਕਾਵਟ ਨਾ ਪਵੇ।
ਅਧਿਆਪਕਾਂ ਦੀ ਲੋੜ ਦੇ ਹਿਸਾਬ ਨਾਲ ਮੰਗਿਆ ਪੈਨਲ: ਅਧਿਕਾਰੀ
ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿੱਚ ਅਧਿਆਪਕਾਂ ਦੀ ਕਮੀ ਚਲ ਰਹੀ ਹੈ। ਇਸ ਕਰਕੇ ਡੈਪੂਟੇਸ਼ਨ ’ਤੇ ਅਧਿਆਪਕਾਂ ਦਾ ਪੈਨਲ ਮੰਗਿਆ ਗਿਆ ਸੀ ਪਰ ਕੇਂਦਰ ਦੇ ਨਿਯਮ ਬਦਲਣ ਕਾਰਨ ਭਰਤੀ ਪ੍ਰਕਿਰਿਆ ਲਟਕ ਗਈ ਹੈ। ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਲਈ ਹੋਰ ਅਧਿਆਪਕਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਜਾ ਰਹੀਆਂ ਹਨ।