ਕੁਲਦੀਪ ਸਿੰਘ
ਚੰਡੀਗੜ੍ਹ, 13 ਦਸੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਬੀਤੇ ਦਿਨੀਂ ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਵੱਲੋਂ ਲਗਾਏ ਜਾ ਰਹੇ ਪੋਸਟਰਾਂ ਨੂੰ ਉਤਾਰਨ ਤੇ ਪਾੜਨ ਦਾ ਮਸਲਾ ਭਖਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਪੋਸਟਰ ਪਾੜਨ ਮੌਕੇ ਵੀ ਐੱਸਐੱਫਐੱਸ ਅਤੇ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਕਾਰਕੁਨਾਂ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ ਸਨ। ਇਸੇ ਮਾਮਲੇ ’ਤੇ ਅੱਜ ਐੱਸ.ਐੱਫ.ਐੱਸ. ਵੱਲੋਂ ਕਈ ਹੋਰ ਸਹਿਯੋਗੀ ਵਿਦਿਆਰਥੀ ਜਥੇਬੰਦੀਆਂ ਪੀ.ਐਸ.ਯੂ. (ਲਲਕਾਰ), ਐੱਸ.ਐੱਫ.ਆਈ., ਸੱਥ, ਆਈ.ਐੱਸ.ਏ., ਐੱਨ.ਐੱਸ.ਯੂ.ਆਈ. ਅਤੇ ਐੱਸ.ਓ.ਆਈ. ਨਾਲ ਮਿਲ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਵਿੱਚ ਏ.ਬੀ.ਵੀ.ਪੀ. ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਮਟਕਾ ਚੌਕ ਦੇ ਕਾਰਕੁਨ ਵੀ ਇਨ੍ਹਾਂ ਜਥੇਬੰਦੀਆਂ ਨਾਲ ਇੱਕਜੁਟਤਾ ਦਿਖਾਉਣ ਲਈ ਅੱਗੇ ਆਏ।
ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੰਦੀਪ, ਗਗਨ, ਅਮਨਦੀਪ ਸਿੰਘ, ਆਰੀਅਨ ਅਤੇ ਹਰਮਨ ਆਦਿ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਨਾਗਾਲੈਂਡ ਵਿੱਚ ਮਾਰੇ ਗਏ ਆਮ ਲੋਕਾਂ, ਬਾਬਰੀ ਮਸਜਿਦ ਢਾਹੇ ਜਾਣ ਦੇ ਵਿਰੋਧ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਦੇ ਸਬੰਧ ਵਿੱਚ ਐੱਸ.ਐੱਫ.ਐੱਸ. ਵੱਲੋਂ ਪੀ.ਯੂ. ਕੈਂਪਸ ਵਿੱਚ ਪੋਸਟਰ ਲਗਾਏ ਜਾ ਰਹੇ ਸਨ ਪ੍ਰੰਤੂ ਭਾਜਪਾ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਦੇ ਕਾਰਕੁਨਾਂ ਨੇ ਕਥਿਤ ਗੁੰਡਾਗਰਦੀ ਕਰਦਿਆਂ ਕੈਂਪਸ ਵਿੱਚ ਲਗਾਏ ਗਏ ਪੋਸਟਰ ਪਾੜਨੇ ਸ਼ੁਰੂ ਕਰ ਦਿੱਤੇ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਐੱਸ.ਐੱਫ.ਐੱਸ. ਦੇ ਕਾਰਕੁਨਾਂ ਉੱਤੇ ਹਮਲਾ ਕਰ ਦਿੱਤਾ। ਹੈਰਾਨੀ ਇਸ ਗੱਲ ਦੀ ਰਹੀ ਕਿ ਜਦੋਂ ਏ.ਬੀ.ਵੀ.ਪੀ. ਵਾਲੇ ਉਨ੍ਹਾਂ ਉੱਤੇ ਹਮਲਾ ਕਰ ਰਹੇ ਸਨ ਤਾਂ ਪੀ.ਯੂ. ਦੀ ਸਕਿਓਰਿਟੀ ਸਾਹਮਣੇ ਨਜ਼ਰ ਤੱਕ ਨਹੀਂ ਆਈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕੈਂਪਸ ਵਿੱਚ ਇਹ ਝਗੜਾ ਕਿਸੇ ਦੋ ਜਥੇਬੰਦੀਆਂ ਵਿਚਕਾਰ ਨਹੀਂ ਸਗੋਂ ਪੰਜਾਬ ਯੂਨੀਵਰਸਿਟੀ ਵਿੱਚ ਸੰਘੀ ਢਾਂਚੇ ਵੱਲੋਂ ਆਪਣੇ ਵਿਦਿਆਰਥੀ ਵਿੰਗ ਰਾਹੀਂ ਲੋਕਤੰਤਰ ਦਾ ਗਲਾ ਘੁੱਟਣ ਦਾ ਮਸਲਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪਸ ਵਿੱਚ ਹਿੰਦੂਤਵ ਸੋਚ ਸਮੇਤ ਆਰ.ਐੱਸ.ਐੱਸ. ਤੇ ਸੰਘ ਪਰਿਵਾਰ ਦੀ ਵਿਚਾਰਧਾਰਾ ਅਤੇ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਡਵੋਕੇਟ ਮਨਦੀਪ ਨੇ ਕਿਹਾ ਕਿ ਯੂਨੀਵਰਸਿਟੀਆਂ ਸਮਾਜਿਕ ਮੁੱਦਿਆਂ ਉੱਤੇ ਚਰਚਾ ਕਰਨ ਲਈ ਹੁੰਦੀਆਂ ਪ੍ਰੰਤੂ ਪੀ.ਯੂ. ਅਥਾਰਿਟੀ ਦੇ ਸਹਿਯੋਗ ਨਾਲ ਕੈਂਪਸ ਅੰਦਰ ਆਰ.ਐੱਸ.ਐੱਸ. ਅਤੇ ਏ.ਬੀ.ਵੀ.ਪੀ. ਦੀ ਵਧ ਰਹੀ ਦਖ਼ਲਅੰਦਾਜ਼ੀ ਗਲਤ ਹੈ। ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਏ.ਬੀ.ਵੀ.ਪੀ. ਨੂੰ ਕੈਂਪਸ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਵੀ ਨਾਅਰੇਬਾਜ਼ੀ ਕੀਤੀ।
ਏਬੀਵੀਪੀ ਵੱੱਲੋਂ ਐੱਸਐੱਫਐੱਸ ਉਤੇ ਰੋਕ ਲਗਾਉਣ ਦੀ ਮੰਗ
ਏਬੀਵੀਪੀ ਦੇ ਪ੍ਰਧਾਨ ਪਾਰਸ ਰਤਨ ਅਤੇ ਜਨਰਲ ਸਕੱਤਰ ਹਰਿਸ਼ਿਕਾ ਰਾਜ ਨੇ ਕਿਹਾ ਕਿ ਉਨ੍ਹਾਂ ਪੀਯੂ ਦੇ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਕਿਹਾ ਕਿ ਐੱਸਐੱਫਐੱਸ ਵੱਲੋਂ ਪੀਯੂ ਕੈਂਪਸ ਵਿੱਚ ਰਾਸ਼ਟਰ ਵਿਰੋਧੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ।