ਪੱਤਰ ਪ੍ਰੇਰਕ
ਚੰਡੀਗੜ੍ਹ, 11 ਜੂਨ
ਵਿਸ਼ਵ ਖੂਨਦਾਨ ਦਿਵਸ ਮਨਾਉਣ ਦੇ ਹਿੱਸੇ ਵਜੋਂ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਵੱਲੋਂ ਅੱਜ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਚੰਡੀਗੜ੍ਹ ਵਿੱਚ ਰਜਿਸਟਰਡ ਥੈਲੇਸੀਮਿਕ ਬੱਚਿਆਂ ਲਈ ‘ਖੂਨਦਾਨ’ ਵਿਸ਼ੇ ਸਬੰਧੀ ਇੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 25 ਬੱਚਿਆਂ ਨੇ ਭਾਗ ਲਿਆ। ਮੁਕਾਬਲੇ ਵਿੱਚ ਪੰਜ ਸਰਵੋਤਮ ਪੋਸਟਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਥੈਲੇਸੀਮਿਕ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਵੀ ਕੀਤੀ ਗਈ। ਜੀਐੱਮਸੀਐੱਚ-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਜਸਬਿੰਦਰ ਕੌਰ ਨੇ ਭਰੋਸਾ ਦਿਵਾਇਆ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸਾਰੇ ਥੈਲੇਸੀਮਿਕ ਬੱਚਿਆਂ ਨੂੰ ਬਿਨਾਂ ਕਿਸੇ ਖਰਚੇ ਤੋਂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਬੱਚਿਆਂ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਪ੍ਰੋ. ਰਵਨੀਤ ਕੌਰ ਮੁਖੀ ਟ੍ਰਾਂਸਫਿਊਜ਼ਨ ਮੈਡੀਸਿਨ ਵਿਭਾਗ ਨੇ ਦੱਸਿਆ ਕਿ ਸਾਰੇ ਥੈਲੇਸੀਮਿਕ ਬੱਚਿਆਂ ਲਈ ਲਿਊਕੋਸਾਈਟ ਘੱਟ ਅਤੇ ਵਧੀਆ ਮੇਲ ਖਾਂਦਾ ਖੂਨ ਉਪਲਬਧ ਕਰਵਾਇਆ ਜਾਂਦਾ ਹੈ।