ਮੁਕੇਸ਼ ਕੁਮਾਰ
ਚੰਡੀਗੜ੍ਹ, 18 ਸਤੰਬਰ
ਚੰਡੀਗੜ੍ਹ ਦੇ ਸੈਕਟਰ 44 ਅਤੇ 51 ਨੂੰ ਵੰਡਦੀ ਸੜਕ ਦੇ ਸਾਈਨ ਬੋਰਡ ਊੱਤੇ ਕਿਸੇ ਨੇ ਅੱਜ ਖਾਲਿਸਤਾਨ ਪੱਖੀ ਪੋਸਟਰ ਲਗਾ ਦਿੱਤਾ। ਸ਼ਹਿਰ ਦੀ ਮੁੱਖ ਸੜਕ ’ਤੇ ਲੱਗੇ ਇਸ ਪੋਸਟਰ ਨੇ ਪੁਲੀਸ ਮਹਿਕਮੇ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਵੇਰਵਿਆਂ ਅਨੁਸਾਰ ਜਿਸ ਰੋਡ ਸਾਈਨ ਉੱਤੇ ਇਹ ਪੋਸਟਰ ਲਗਾਇਆ ਗਿਆ ਹੈ, ਉਹ ਸੈਕਟਰ-43 ਦੇ ਅੰਤਰਰਾਜੀ ਬੱਸ ਅੱਡੇ ਨੇੜੇ ਹੈ। ਕਾਗਜ਼ ’ਤੇ ਪ੍ਰਿੰਟ ਕੀਤੇ ਇਸ ਕੇਸਰੀ ਰੰਗ ਦੇ ਪੋਸਟਰ ਦੇ ਉਪਰਲੇ ਪਾਸੇ ਕਾਲੇ ਰੰਗ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਖਾਲਿਸਤਾਨ ਲਿਖਿਆ ਹੋਇਆ ਹੈ ਅਤੇ ਵਿਚਕਾਰ ਖੰਡਾ ਸਾਹਿਬ ਪ੍ਰਿੰਟ ਕੀਤਾ ਗਿਆ ਹੈ। ਪੋਸਟਰ ਦੇ ਹੇਠਲੇ ਪਾਸੇ ਪੰਜਾਬੀ ਭਾਸ਼ਾ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’’ ਲਿਖਿਆ ਹੋਇਆ ਹੈ। ਸੈਕਟਰ 49 ਥਾਣੇ ਦੇ ਮੁਖੀ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਕਿਸੇ ਸਮਾਜ-ਵਿਰੋਧੀ ਅਨਸਰ ਦੀ ਸ਼ਰਾਰਤ ਲਗਦੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਰ ਲਗਾਉਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ।