ਹਰਜੀਤ ਸਿੰਘ
ਡੇਰਾਬੱਸੀ, 1 ਮਈ
ਇਥੋਂ ਦੇ ਪਿੰਡ ਮੀਰਪੁਰ ਵਿੱਚ ਸਾਫ਼-ਸਫ਼ਾਈ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਇਥੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਈ ਜ਼ਮੀਨਦੋਜ਼ ਲਾਈਨ ਦੀ ਨਿਯਮਿਤ ਸਫ਼ਾਈ ਨਾ ਹੋਣ ਕਾਰਨ ਜਾਮ ਹੋ ਗਈ ਹੈ। ਪਾਣੀ ਨੂੰ ਨਿਕਾਸੀ ਨਾ ਮਿਲਣ ਕਾਰਨ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਰਹਿੰਦਾ ਹੈ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੌਂਸਲ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ, ਜਿਸ ਕਾਰਨ ਪਿੰਡ ਵਿੱਚ ਬਿਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਨਗਰ ਕੌਂਸਲ ਦੇ ਸਾਬਕਾ ਕੌਂਸਲਰ ਜਸਵਿੰਦਰ ਕੌਰ ਦੇ ਪਤੀ ਮਨਜੀਤ ਸਿੰਘ ਉਰਫ਼ ਬਬਲੂ ਨੇ ਦੱਸਿਆ ਕਿ ਜ਼ਮੀਨਦੋਜ਼ ਲਾਈਨ ’ਤੇ ਸਫਾਈ ਲਈ ਥਾਂ ਥਾਂ ਬਣਾਏ ਮੇਨਹੋਲ ਟੁੱਟ ਗਏ ਹਨ ਜਿਸ ਕਾਰਨ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਵਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਪਾਸੇ ਸਿਹਤ ਵਿਭਾਗ ਲੋਕਾਂ ਨੂੰ ਇਸ ਮੌਸਮ ਵਿੱਚ ਫੈਲਣ ਵਾਲੀ ਮਲੇਰੀਆ ਅਤੇ ਡੇਂਗੂ ਬਾਰੇ ਜਾਗਰੂਕ ਕਰ ਰਹੇ ਹਨ, ਦੂਜੇ ਪਾਸੇ ਇਸ ਸਮੱਸਿਆ ਨੂੰ ਕੋਈ ਵੀ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਨੇ ਕਿਹਾ ਕਿ ਟੁੱਟੇ ਹੋਏ ਮੇਨ ਹੋਲ ਵੀ ਨਵੇਂ ਸਿਰੇ ਤੋਂ ਰਖਵਾਏ ਜਾਣਗੇ।