ਪੰਚਕੂਲਾ: ਇਥੋਂ ਦੇ ਬਲਾਕ ਬਰਵਾਲਾ ਦੇ ਕਈ ਖੇਤਰਾਂ ਦੀਆਂ ਸੜਕਾਂ ਦਾ ਮਾੜਾ ਹਾਲ ਹੈ। ਇਨ੍ਹਾਂ ਸੜਕਾਂ ਵਿੱਚ ਟੋਏ ਪਏ ਹੋਏ ਹਨ ਜਿਸ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਬਾਰੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਵੀ ਕਈ ਵਾਰ ਕਹਿ ਚੁੱਕੇ ਹਨ ਪਰ ਠੋਸ ਕਾਰਵਾਈ ਨਹੀਂ ਹੋਈ। ਬਰਵਾਲਾ ਨਿਵਾਸੀ ਦਵਿੰਦਰ ਸਿੰਘ, ਕ੍ਰਿਸ਼ਨ ਪਾਲ, ਵਕੀਲ ਸਿੰਘ, ਪਦਮ ਸਿੰਘ ਆਦਿ ਨੇ ਦੱਸਿਆ ਕਿ ਬਤੌੜ ਤੋਂ ਬਰਵਾਲਾ ਬੱਸ ਸਟੈਂਡ ਅਤੇ ਡੇਰਾਬੱਸੀ ਸੜਕ ਉੱਤੇ ਸਥਿਤ ਕਾਮੀ-ਸੁੰਦਰਪੁਰ ਮੋੜ ਤੱਕ ਬਣਾਈ ਗਈ ਸੜਕ ਟੁੱਟ ਚੁੱਕੀ ਹੈ। ਸੜਕ ਦੇ ਕਿਨਾਰਿਆਂ ’ਤੇ ਮਿੱਟੀ ਜਮ੍ਹਾਂ ਹੋ ਗਈ ਹੈ। ਵਾਹਨਾਂ ਦੀ ਆਵਾਜਾਈ ਕਾਰਨ ਮਿੱਟੀ ਹਮੇਸ਼ਾ ਉੱਡਦੀ ਰਹਿੰਦੀ ਹੈ। ਇਸ ਕਾਰਨ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਵੀ ਮਿੱਟੀ ਜੰਮ੍ਹੀ ਰਹਿੰਦੀ ਹੈ ਤੇ ਲੋਕ ਪ੍ਰਦੂਸ਼ਣ ਕਾਰਨ ਬਿਮਾਰ ਵੀ ਪੈ ਜਾਂਦੇ ਹਨ। ਬਜ਼ੁਰਗਾਂ ਨੂੰ ਸ਼ਾਹ ਦੀ ਦਿੱਕਤ ਆਉਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੰਬਧਤ ਵਿਭਾਗ ਵੱਲੋਂ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਊਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੱਤਰ ਪ੍ਰੇਰਕ