ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 27 ਅਪਰੈਲ
ਸ਼ਹਿਰ ਦੀ ਖੂਬਸੂਰਤੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਇਥੋਂ ਦੇ ਗੋਲ ਚੋਰਾਹਿਆਂ (ਰਾਊਂਡਅਬਾਊਟਜ਼) ਦੇ ਰੱਖ-ਰਖਾਅ ਨੂੰ ਲੈਕੇ ਨਗਰ ਨਿਗਮ ਗੰਭੀਰ ਹੋ ਗਿਆ ਹੈ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਇਨ੍ਹਾਂ ਚੌਕਾਂ ਦੇ ਰੱਖ-ਰਖਾਅ ਲਈ ਕੀਤੇ ਗਏ ਸਮਝੌਤਿਆਂ ਦੀ ਪਾਲਣਾ ਨਾ ਕਰਨ ਵਾਲੇ ਨਿੱਜੀ ਅਦਾਰਿਆਂ ਖ਼ਿਲਾਫ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸੇ ਸਿਲਸਿਲੇ ਤਹਿਤ ਨਿਗਮ ਕਮਿਸ਼ਨਰ ਨੇ ਸ਼ਹਿਰ ਇੱਕ ਚੌਂਕ ਦੇ ਮਾੜੇ ਰੱਖ-ਰਖਾਅ ’ਤੇ ਸਖ਼ਤ ਕਾਰਵਾਈ ਕਰਦਿਆਂ ਸੈਕਟਰ 19/20/27/30 ਦੇ ਚੌਕ ਦੀ ਸਾਂਭ ਸੰਭਾਲ ਨੂੰ ਲੈਕੇ ਸੈਕਟਰ-31 ਸਥਿਤ ਬੈਂਕ ਆਫ਼ ਇੰਡੀਆ ਨਾਲ ਕੀਤੇ ਗਏ ਸਮਝੌਤੇ ਨੂੰ ਅੱਜ ਰੱਦ ਕਰਨ ਦੇ ਹੁਕਮ ਦਿੱਤੇ ਹਨ। ਨਗਰ ਨਿਗਮ ਵੱਲੋਂ ਇਸ ਚੌਕ ਦੇ ਰੱਖ ਰਖਾਅ ਲਈ ਬੈਂਕ ਨਾਲ 11 ਦਸੰਬਰ 2023 ਤੱਕ ਦੋ ਸਾਲਾਂ ਲਈ ਸਮਝੌਤਾ ਕੀਤਾ ਗਿਆ ਸੀ। ਨਿਗਮ ਕਮਿਸ਼ਨਰ ਨੇ ਪ੍ਰਾਈਵੇਟ ਅਦਾਰਿਆਂ ਹਵਾਲੇ ਕੀਤੇ ਗਏ ਚੌਕਾਂ ਦੀ ਖਸਤਾ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਕਾਰਵਾਈ ਕੀਤੀ ਹੈ। ਨਿਗਮ ਕਮਿਸ਼ਨਰ ਵੱਲੋਂ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਦੋ ਚੌਕਾਂ ਦੇ ਰੱਖ-ਰਖਾਅ ਸਬੰਧੀ ਸਮਝੌਤੇ ਰੱਦ ਕੀਤੇ ਜਾ ਚੁੱਕੇ ਹਨ। ਕਮਿਸ਼ਨਰ ਨੇ ਨਿਗਮ ਦੇ ਬਾਗਵਾਨੀ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਨੂੰ ਬੈਂਕ ਨਾਲ ਕੀਤੇ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।