ਮੁਕੇਸ਼ ਕੁਮਾਰ
ਚੰਡੀਗੜ੍ਹ, 11 ਅਗਸਤ
ਜਿਥੇ ਚੰਡੀਗੜ੍ਹ ਨਗਰ ਨਿਗਮ ਦੇ ਵਿੱਤੀ ਸੰਕਟ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਨਾਲ ਹੀ ਸ਼ਹਿਰ ਵਿੱਚ ਮੁੱਢਲੀਆਂ ਸਹੂਲਤਾਂ ਦੇ ਰੱਖ-ਰਖਾਵ ਤੇ ਦੇਖਭਾਲ ਕਰਨ ਵਿੱਚ ਵੀ ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਪ੍ਰਬੰਧ ਅਲੋਪ ਸਾਬਤ ਹੋ ਰਹੇ ਹਨ। ਇਸ ਨਾਲ ਜਿਥੇ ਪਾਰਕਾਂ ਦੀ ਖੂਬਸੂਰਤੀ ਖਤਮ ਹੋ ਰਹੀ ਹੈ, ਉਥੇ ਪਾਰਕਾਂ ਵਿੱਚ ਨਗਰ ਨਿਗਮ ਵਲੋਂ ਲੱਖਾਂ ਰੁਪਏ ਖਰਚ ਕੇ ਲਗਾਏ ਗਏ, ਸਾਜੋ ਸਾਮਾਨ ਦੇ ਖਰਾਬ ਹੋਣ ਦਾ ਖਤਰਾ ਵੀ ਪੈਦਾ ਹੋ ਰਿਹਾ ਹੈ। ਸਭ ਤੋਂ ਮਾੜਾ ਹਾਲ ਸ਼ਹਿਰ ਦੇ ਦੱਖਣੀ ਸੈਕਟਰਾਂ ਦੇ ਪਾਰਕਾਂ ਤੇ ਜਨਤਕ ਥਾਵਾਂ ਦਾ ਹੈ, ਜਿਥੇ ਉੱਗੇ ਲੰਮੇ ਘਾਹ ਨੇ ਸ਼ਹਿਰ ਦੀ ਖੂਬਸੂਰਤੀ ਨੂੰ ਲਗਪਗ ਖਤਮ ਕਰ ਦਿੱਤਾ ਹੈ। ਪਾਰਕਾਂ ਵਿੱਚ ਲੱਗੇ ਬੂਟਿਆਂ ਅਤੇ ਘਾਹ ਦੀ ਕਟਾਈ ਨਾ ਹੋਣ ਕਰ ਕੇ ਸ਼ਹਿਰ ਦੇ ਕਈਂ ਪਾਰਕਾਂ ਨੇ ਜੰਗਲ ਦਾ ਰੂਪ ਧਾਰ ਲਿਆ ਹੈ। ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਨੂੰ ਲੈਕੇ ਸੈਕਟਰ-48 ਵਾਸੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਪਾਰਕਾਂ ਅਤੇ ਸੜਕਾਂ ਤੇ ਹੋਰ ਜਨਤਕ ਥਾਵਾਂ ’ਤੇ ਉੱਗੇ ਘਾਹ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਘਾਹ ਨੂੰ ਕੇਨ ਸਮੇਂ ਤੋਂ ਕਟਿਆ ਨਹੀਂ ਗਿਆ ਅਤੇ ਹੁਣ ਛੇ ਤੋਂ ਸੱਤ ਫੁੱਟ ਲੰਮਾਂ ਹੋ ਗਿਆ ਹੈ।
ਅਧਿਕਾਰੀ ਵੱਲੋਂ ਪਾਰਕਾਂ ਦੀ ਸਫ਼ਾਈ ਕਰਵਾਉਣ ਦਾ ਭਰੋਸਾ
ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਐੱਸਈ ਕਿਸ਼ਨਪਾਲ ਸਿੰਘ ਨੇ ਦੱਸਿਆ ਕਿ ਨਿਗਮ ਵਲੋਂ ਸਮੇਂ ਸਮੇਂ ਸਿਰ ਪਾਰਕਾਂ ਤੇ ਹੋਰ ਜਨਤਕ ਥਾਵਾਂ ਤੋਂ ਘਾਹ ਦੀ ਕਟਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸੈਕਟਰਾਂ ਵਿੱਚ ਲੰਮੇ ਘਾਹ ਹੋਣ ਦੀ ਸ਼ਿਕਾਇਤ ਹੈ, ਉਸਨੂੰ ਛੇਤੀ ਹੀ ਕਟਵਾ ਦਿੱਤਾ ਜਾਵੇਗਾ।