ਹਰਜੀਤ ਸਿੰਘ
ਡੇਰਾਬੱਸੀ, 26 ਅਕਤੂਬਰ
ਪਿੰਡ ਹਰੀਪੁਰ ਹਿੰਦੂਆਂ ’ਚ ਸਥਿਤ ਨੈਕਟਰ ਲਾਈਫ਼ ਸਾਇੰਸ ਫੈਕਟਰੀ ’ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਪਿੰਡ ਵਾਸੀਆਂ ਨੇ ਫੈਕਟਰੀ ਦੇ ਬਾਹਰ ਪੱਕਾ ਧਰਨਾ ਲਾ ਦਿੱਤਾ। ਇਸ ਸਬੰਧੀ ਕਈਂ ਵਾਰ ਪ੍ਰਦੂਸ਼ਣ ਰੋਕੂ ਬੋਰਡ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਹ ਸਮੱਸਿਆ ਦਾ ਹੱਲ ਨਹੀਂ ਕਰ ਰਹੇ। ਇਸ ਤੋਂ ਤੰਗ ਆ ਕੇ ਲੋਕ ਅੱਜ ਫੈਕਟਰੀ ਦੇ ਗੇਟ ਅੱਗੇ ਬੈਠ ਕੇ ਇਸ ਨੂੰ ਪੱਕੇ ਤੌਰ ’ਤੇ ਬੰਦ ਕਰਨ ਦੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਮੁਜ਼ਹਰਾਕਾਰੀ ਪੱਕੇ ਤੌਰ ’ਤੇ ਫੈਕਟਰੀ ਦੇ ਬਾਹਰ ਧਰਨੇ ’ਤੇ ਡੱਟੇ ਹੋਏ ਸਨ। ਮੁਜ਼ਹਰਾਕਾਰੀਆਂ ਨੇ ਦੱਸਿਆ ਕਿ ਉੱਕਤ ਫੈਕਟਰੀ ਵੱਲੋਂ ਨੇੜੇ ਲੰਘਦੇ ਬਰਸਾਤੀ ਚੋਅ ’ਚ ਦੂਸ਼ਿਤ ਪਾਣੀ ਸੁੱਟਦੀ ਹੈ ਜਿਸ ਕਾਰਨ ਇਸਦੇ ਚਾਰ ਕਿਲੋਮੀਟਰ ਖੇਤਰ ’ਚ ਧਰਤੀ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ। ਖੇਤਾਂ ’ਚ ਲੱਗੇ ਟਿਊਬਵੈਲਾਂ ’ਚ ਝੱਗ ਵਾਲਾ ਦੂਸ਼ਿਤ ਪਾਣੀ ਆਉਂਦਾ ਹੈ। ਇਸ ਪਾਣੀ ਨਾਲ ਖੇਤੀ ਹੋ ਰਹੀ ਹੈ ਜਿਸ ਤੋਂ ਤਿਆਰ ਹੋਣ ਵਾਲੀ ਫਸਲਾਂ ਨੂੰ ਖਾ ਕੇ ਲੋਕ ਕੈਂਸਰ ਤੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਚਿਮਨੀ ਤੋਂ ਸਾਰਾ ਦਿਨ ਕਾਲੀ ਸੁਆਹ ਉੱਡ ਕੇ ਲੋਕਾਂ ਦੇ ਘਰਾਂ ’ਚ ਡਿੱਗਦੀ ਰਹਿੰਦੀ ਹੈ। ਲੰਘੇ ਕੁਝ ਦਿਨਾਂ ਤੋਂ ਸੁਆਹ ਐਨਾ ਜ਼ਿਆਦਾ ਡਿੱਗ ਰਹੀ ਹੈ ਜਿਸ ਨਾਲ ਉਨ੍ਹਾਂ ਦਾ ਆਪਣੇ ਘਰਾਂ ਵਿੱਚ ਰਹਿਣਾ ਮੁਸ਼ਕਲ ਹੋਇਆ ਪਿਆ ਹੈ। ਕਪੜੇ ਧੋ ਕੇ ਛੱਤ ’ਤੇ ਸੁੱਕਣ ਲਈ ਪਾਏ ਜਾਂਦੇ ਹਨ ਜੋ ਥੋੜ੍ਹੀ ਦੇਰ ਵਿੱਚ ਹੀ ਕਾਲੇ ਹੋ ਜਾਂਦੇ ਹਨ। ਉਹ ਭਿਆਨਕ ਸਾਹ ਦੀ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਰਾਤ ਨੂੰ ਇਹ ਸੁਆਹ ਜ਼ਿਆਦਾ ਮਾਤਰਾ ’ਚ ਡਿੱਗਦੀ ਹੈ ਜੋ ਹਨੇਰੇ ’ਚ ਦਿਖਾਈ ਨਹੀਂ ਦਿੰਦੀ। ਉਨ੍ਹਾਂ ਨੇ ਕਿਹਾ ਕਿ ਫੈਕਟਰੀ ਬੰਦ ਹੋਣ ਤੱਕ ਪੱਕੇ ਤੌਰ ’ਤੇ ਧਰਨਾ ਲਾਇਆ ਜਾਏਗਾ।
ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਉਨ੍ਹਾਂ ਵੱਲੋਂ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਨਾਲ ਮੌਕੇ ਦਾ ਦੌਰਾ ਕਰਕੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀ ਦੇ ਬੁਆਇਲਰ ’ਚ ਤਕਨੀਕੀ ਨੁਕਸ ਆਉਣ ਕਾਰਨ ਉਸਦੀ ਚਿਮਨੀ ’ਚੋਂ ਕਾਲੀ ਸੁਆਹ ਡਿੱਗ ਰਹੀ ਹੈ ਜਿਸ ਨੂੰ ਕੰਪਨੀ ਵੱਲੋਂ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। 48 ਘੰਟੇ ਬੁਆਇਲਰ ਨੂੰ ਠੰਢਾ ਹੋਣ ਤੱਕ ਇਕਦਮ ਬੰਦ ਨਹੀਂ ਕੀਤਾ ਜਾ ਸਕਦਾ, ਨਹੀਂ ਤਾਂ ਹਾਦਸਾ ਹੋ ਸਕਦਾ ਹੈ। ਕੰਪਨੀ ਵੱਲੋਂ 48 ਘੰਟੇ ਬਾਅਦ ਬੁਆਇਲਰ ਬੰਦ ਕਰਨ ਦਾ ਭਰੋਸਾ ਦਿੱਤਾ ਹੈ।