ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 5 ਜੁਲਾਈ
ਮੁਹਾਲੀ ਨਗਰ ਨਿਗਮ ਦੇ ਸਫ਼ਾਈ ਪ੍ਰਬੰਧਾਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕਾਬਜ਼ ਧਿਰ ਸਫ਼ਾਈ ਵਿਵਸਥਾ ਦੇ ਪੁਖ਼ਤਾ ਇੰਤਜ਼ਾਮ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਇੱਥੋਂ ਦੇ ਫੇਜ਼-6 ਦੇ ਕੂੜਾ ਘਰ ਦੇ ਬਾਹਰ ਪਿਛਲੇ ਚਾਰ ਦਿਨਾਂ ਤੋਂ ਮੁੱਖ ਸੜਕ ਤੱਕ ਕੂੜਾ ਅਤੇ ਗੰਦਗੀ ਖਿੱਲਰੀ ਪਈ ਹੈ ਅਤੇ ਬੁਦਬੂ ਕਾਰਨ ਇੱਥੋਂ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਕਿਹਾ ਕਿ ਚਾਰ ਪਹੀਆ ਵਾਹਨ ਚਾਲਕ ਤਾਂ ਸ਼ੀਸ਼ਾ ਉੱਪਰ ਕਰਕੇ ਲੰਘ ਜਾਂਦੇ ਹਨ ਪਰ ਪੈਦਲ ਤੇ ਦੋ ਪਹੀਆ ਵਾਹਨਾਂ ਚਾਲਕਾਂ ਨੂੰ ਲੰਘਣ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਨੇ ਮੁਹਾਲੀ ਵਿੱਚ ਸਫ਼ਾਈ ਵਿਵਸਥਾ ਸਬੰਧੀ ਨਿਗਮ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੇਅਰ ਨੇ ਕਿਹਾ ਕਿ ਮਕੈਨੀਕਲ ਸਵੀਪਿੰਗ ਦੀ ਪ੍ਰਕਿਰਿਆ ਹਾਲੇ ਸਥਾਨਕ ਸਰਕਾਰ ਵਿਭਾਗ ਵਿੱਚ ਕਾਰਵਾਈ ਅਧੀਨ ਹੋਣ ਕਰਕੇ ਕੁਝ ਸਫ਼ਾਈ ਕਰਮਚਾਰੀ ਭਰਤੀ ਕੀਤੇ ਗਏ ਹਨ ਅਤੇ ਕੁਝ ਮਸ਼ੀਨਰੀ ਹਾਸਲ ਕੀਤੀ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਅਪੀਲ ਕਰਦਿਆਂ ਨਿਗਮ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ।
ਕਮਿਸ਼ਨਰ ਨੇ ਸਮੂਹ ਸਫ਼ਾਈ ਵਿਭਾਗ ਦੇ ਚੀਫ਼ ਇੰਸਪੈਕਟਰਾਂ, ਇੰਸਪੈਕਟਰਾਂ, ਸੁਪਰਵਾਈਜ਼ਰਾਂ ਨੂੰ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਉਹ ਰੋਜ਼ਾਨਾ ਖ਼ੁਦ ਵੀ ਕਿਸੇ ਨਾ ਕਿਸੇ ਇਲਾਕੇ ਦਾ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦੀ ਨਜ਼ਰਸਾਨੀ ਕਰਨਗੇ।
ਚਿੜੀਆਘਰ ਦੇ ਬਾਹਰ ਫੈਲੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਛੱਤਬੀੜ ਚਿੜੀਆਘਰ ਦੇ ਬਾਹਰ ਫੈਲੀ ਗੰਦਗੀ ਕਾਰਨ ਇਥੇ ਆਉਣ ਵਾਲੇ ਸੈਲਾਨੀ ਅਤੇ ਪਿੰਡ ਛੱਤ ਦੇ ਵਸਨੀਕ ਢਾਡੇ ਪ੍ਰੇਸ਼ਾਨ ਹਨ। ਪਿੰਡ ਛੱਤ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਥੇ ਰੋਜ਼ਾਨਾ ਵੱਡੀ ਗਿਣਤੀ ਸੈਲਾਨੀ ਪਹੁੰਚਦੇ ਹਨ ਪਰ ਇਸ ਦੇ ਬਾਹਰ ਫੈਲੀ ਗੰਦਗੀ ਕਾਰਨ ਇਸਦੇ ਅਕਸ ਨੂੰ ਢਾਹ ਲੱਗ ਰਹੀ ਹੈ। ਪਿੰਡ ਛੱਤ ਦੇ ਵਸਨੀਕ ਹਰਨਾਮ ਸਿੰਘ, ਜੈਰਾਜ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ ਅਤੇ ਨਿਰਮੈਲ ਸਿੰਘ ਆਦਿ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਛੱਤਬੀੜ ਚਿੜੀਆਘਰ ਦੇ ਬਾਹਰ ਸਾਫ਼ ਸਫਾਈ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਗੱਲ ਕਰਨ ’ਤੇ ਐੱਸ.ਡੀ.ਐੱਮ. ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਛੱਤਬੀੜ ਚਿੜੀਆਘਰ ਦੇ ਪ੍ਰਬੰਧਕਾਂ ਨੂੰ ਬਾਹਰ ਵੀ ਸਾਫ ਸਫਾਈ ਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਜਾਵੇਗੀ।