ਮੁਕੇਸ਼ ਕੁਮਾਰ
ਚੰਡੀਗੜ੍ਹ, 5 ਮਾਰਚ
ਚੰਡੀਗੜ੍ਹ ਵਿੱਚ ਅਗਲੇ ਵਿੱਤੀ ਵਰ੍ਹੇ ਤੋਂ ਨਗਰ ਨਿਗਮ ਵੱਲੋਂ ਪਾਣੀ ਦੀਆਂ ਵਧਾਈਆਂ ਗਈਆਂ ਦਰਾਂ ਲਾਗੂ ਕਰਨ ਦੀ ਤਿਆਰੀ ਹੋ ਚੁੱਕੀ ਹੈ। ਇਕ ਪਾਸੇ ਜਿੱਥੇ ਪਾਣੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਨਾਲ ਸ਼ਹਿਰ ਵਾਸੀਆਂ ’ਤੇ ਵਾਧੂ ਵਿੱਤੀ ਭਾਰ ਪੈਣ ਵਾਲਾ ਹੈ ਉੱਥੇ ਹੀ ਦੂਜੇ ਪਾਸੇ ਇਸ ਮੁੱਦੇ ’ਤੇ ਸ਼ਹਿਰ ’ਚ ਸਿਆਸਤ ਭੱਖ ਗਈ ਹੈ। ਨਗਰ ਨਿਗਮ ਵੱਲੋਂ ਅਪਰੈਲ ਮਹੀਨੇ ਵਿੱਚ ਲਾਗੂ ਕੀਤੀਆਂ ਜਾਣ ਵਾਲੀਆਂ ਪਾਣੀ ਦੀਆਂ ਨਵੀਆਂ ਦਰਾਂ ਨੂੰ ਲੈ ਕੇ ਮੇਅਰ ਸਰਬਜੀਤ ਕੌਰ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਪਾਣੀ ਦੀਆਂ ਦਰਾਂ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਤਿੱਖੇ ਵਿਰੋਧ ਕਾਰਨ ਮੇਅਰ ਵੱਲੋਂ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਨਿਗਮ ਦੇ ਸਮੂਹ 35 ਕੌਂਸਲਰਾਂ ਨੂੰ ਨਾਲ ਲੈ ਕੇ ਪ੍ਰਸ਼ਾਸਕ ਅੱਗੇ ਪਾਣੀ ਦੀਆਂ ਨਵੀਆਂ ਦਰਾਂ ਲਾਗੂ ਨਾ ਕਰਨ ਦੀ ਅਰਜੋਈ ਕੀਤੀ ਜਾਵੇਗੀ। ਪਾਣੀ ਦੀਆਂ ਦਰਾਂ ਦੇ ਮੁੱਦੇ ’ਤੇ ਨਗਰ ਨਿਗਮ ਹਾਊਸ ਦੀ ਪਿਛਲੀ ਮੀਟਿੰਗ ਦੌਰਾਨ ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਖੂਬ ਹੰਗਾਮਾ ਕੀਤਾ ਸੀ, ਜਿਸ ਮਗਰੋਂ ਮੇਅਰ ਨੇ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ ਸੀ ਕਿ ਉਹ ਪਾਣੀ ਦੀਆਂ ਦਰਾਂ ਨੂੰ ਲੈ ਕੇ ਛੇਤੀ ਹੀ ਪ੍ਰਸ਼ਾਸਕ ਨੂੰ ਮਿਲਣ ਲਈ ਜਾਣਗੇ ਅਤੇ ਇਸ ਬਾਰੇ ਪ੍ਰਸ਼ਾਸਕ ਨੂੰ ਅਪੀਲ ਵੀ ਕਰਨਗੇ। ਇਸ ਮੁਲਾਕਾਤ ਦੌਰਾਨ ਮੇਅਰ ਅਤੇ ਸਮੂਹ ਕੌਂਸਲਰਾਂ ਵੱਲੋਂ ਪਾਣੀ ਦੀਆਂ ਵਧਾਈਆਂ ਦਰਾਂ ਲਾਗੂ ਨਾ ਕਰਨ ਅਤੇ ਪਾਣੀ ਦੇ ਬਿੱਲ ’ਤੇ ਸੀਵਰੇਜ ਸੈੱਸ 30 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰਨ ਦੀ ਅਪੀਲ ਕੀਤੀ ਜਾਵੇਗਾ। ਇਸ ਸਬੰਧ ਵਿੱਚ ਪਿਛਲੇ ਸਾਲ ਨਿਗਮ ਦੀ ਹਾਊਸ ਮੀਟਿੰਗ ਵਿੱਚ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਪਾਣੀ ਦੀਆਂ ਵਧਾਈਆਂ ਹੋਈਆਂ ਦਰਾਂ ਪਿਛਲੇ ਸਾਲ ਲਾਗੂ ਹੋ ਗਈਆਂ ਸਨ ਪਰ ਕੋਵਿਡ ਦੌਰਾਨ ਇਸ ਫ਼ੈਸਲੇ ਦਾ ਵਿਰੋਧ ਹੋਣ ਕਰ ਕੇ ਪ੍ਰਸ਼ਾਸਕ ਨੇ ਇਹ ਦਰਾਂ ਲਾਗੂ ਕਰਨ ’ਤੇ 31 ਮਾਰਚ 2022 ਤੱਕ ਰੋਕ ਲਗਾ ਦਿੱਤੀ ਸੀ। ਪਾਣੀ ਦੀਆਂ ਦਰਾਂ ਨੂੰ ਲੈ ਕੇ ਭਾਜਪਾ ਨੇ ਸ਼ਹਿਰ ਵਾਸੀਆਂ ਨਾਲ ਨਿਗਮ ਚੋਣਾਂ ਦੌਰਾਨ ਵੱਡੇ ਵਾਅਦੇ ਵੀ ਕੀਤੇ ਸਨ ਅਤੇ ‘ਆਪ’ ਨੇ ਤਾਂ ਸ਼ਹਿਰ ਵਾਸੀਆਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਮਹੀਨੇ ਹਜ਼ਾਰ ਲਿਟਰ ਪਾਣੀ ਮੁਫ਼ਤ ਦੇਣ ਦਾ ਵਾਅਦਾ ਵੀ ਕੀਤਾ ਸੀ। ਹੁਣ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ਲਈ ਪਾਣੀ ਦੀਆਂ ਦਰਾਂ ਇੱਕ ਚੁਣੌਤੀ ਬਣ ਗਈਆਂ ਹਨ।
ਪਾਣੀ ਦੀਆਂ ਦਰਾਂ ਘੱਟ ਨਾ ਹੋਣ ’ਤੇ ਸ਼ਹਿਰ ਵਿੱਚ ਕਾਂਗਰਸ ਅਤੇ ‘ਆਪ’ ਵਲੋਂ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਹੈ। ਦੂਜੇ ਪਾਸੇ ਭਾਜਪਾ ਆਗੂਆਂ ਨੂੰ ਡਰ ਹੈ ਕਿ ਪਾਣੀ ਦੀਆਂ ਵਧੀਆਂ ਦਰਾਂ ਲਾਗੂ ਹੋਣ ਨਾਲ ਪਾਰਟੀ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਨੁਕਸਾਨ ਝੱਲਣਾ ਪੈ ਸਕਦਾ ਹੈ।
ਉੱਧਰ, ਨਿਗਮ ਦੇ ਅਧਿਕਾਰੀ ਇਸ ਪੱਖ ਵਿੱਚ ਨਹੀਂ ਹਨ ਕਿ ਪਾਣੀ ਦੀਆਂ ਦਰਾਂ ਕਿਸੇ ਵੀ ਤਰ੍ਹਾਂ ਘਟਾਈਆਂ ਜਾਣ, ਕਿਉਂਕਿ ਪਾਣੀ ਦੀ ਸਪਲਾਈ ਨਾਲ ਨਗਰ ਨਿਗਮ ਨੂੰ ਹਰ ਸਾਲ ਲਗਪਗ 100 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਮੇਅਰ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਕਰੋਨਾ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਅਜਿਹੇ ਵਿੱਚ ਪਾਣੀ ਦੀਆਂ ਦਰਾਂ ਨਾ ਵਧਾਈਆਂ ਜਾਣ।