ਬੀਐੱਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 30 ਅਕਤੂਬਰ
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਅੱਜ ਕੀਰਤਪੁਰ ਸਾਹਿਬ ਪੁੱਜੇ, ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਏ ਰੱਖੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਦੇ ਉੱਪਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਗਾਉਣ ਦੀ ਮੰਗ ਬਾਰੇ ਸ਼ਾਹੀ ਇਮਾਮ ਨੇ ਕਿਹਾ ਕਿ ਲੋਕਾਂ ਨੂੰ ਧਰਮ ਦੇ ਨਾਮ ’ਤੇ ਵੰਡਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਤੋਂ ਬਾਹਰ ਖ਼ੁਦ ਨੂੰ ਸਭ ਤੋਂ ਵੱਡੀ ਜਮਹੂਰੀ ਪਾਰਟੀ ਦੱਸਦੀ ਹੈ ਤੇ ਭਾਰਤ ਦੇ ਅੰਦਰ ਉਸ ਦਾ ਵੱਖਰਾ ਚਿਹਰਾ ਹੈ। ਕੁਝ ਸੂਬਿਆਂ ਦੇ ਵਿੱਚ ਉਹ ਇੱਕ ਧਰਮ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਯਤਨਸ਼ੀਲ ਰਹਿੰਦੀ ਹੈ। ਦੁੱਖ ਦੀ ਗੱਲ ਹੈ ਕਿ ਭਾਜਪਾ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਧਰਮ ਤੇ ਜਾਤ ਦੇ ਆਧਾਰ ’ਤੇ ਵੋਟ ਨੂੰ ਆਪਣੇ ਪੱਖ ਵਿੱਚ ਕਰਨ ’ਚ ਲੱਗੀਆਂ ਹੋਈਆਂ ਹਨ। ਗਿਆਨੀ ਅੰਮ੍ਰਿਤਪਾਲ ਸਿੰਘ ਸਬੰਧੀ ਸ਼ਾਹੀ ਇਮਾਮ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਗਿਆਨੀ ਅੰਮ੍ਰਿਤਪਾਲ ਸਿੰਘ ਨਾਲ ਬੈਠ ਕੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਵਾਰਸਾਂ ਨੂੰ ਆਪਣੀ ਬੋਲੀ ਬੋਲਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਉਹ ਲੁਧਿਆਣਾ ਵਿੱਚ ਲੜਕੀਆਂ ਦਾ ਕਾਲਜ ਖੁੱਲ੍ਹ ਰਿਹਾ ਹੈ, ਜਿਸ ਵਿੱਚ ਹਰ ਧਰਮ ਦੀਆਂ ਲੜਕੀਆਂ ਨੂੰ ਆਪਣੇ ਧਾਰਮਿਕ ਅਤੇ ਰਵਾਇਤੀ ਪਹਿਰਾਵੇ ਪਾ ਕੇ ਪੜ੍ਹਨ ਦੀ ਆਜ਼ਾਦੀ ਹੋਵੇਗੀ। ਇਹ ਆਪਣੇ ਆਪ ਵਿੱਚ ਇੱਕ ਵੱਖਰੀ ਕਿਸਮ ਦੀ ਆਧੁਨਿਕ ਸੰਸਥਾ ਹੋਵੇਗੀ, ਜਿਸ ਵਿੱਚ ਅਜੋਕੀ ਪੜ੍ਹਾਈ ਕਰਵਾਈ ਜਾਵੇਗੀ।