ਮੁਕੇਸ਼ ਕੁਮਾਰ
ਚੰਡੀਗੜ੍ਹ, 5 ਜਨਵਰੀ
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਮੇਅਰ ਦੀ ਚੋਣ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵਾਂ ਲਈ ‘ਮੁੱਛ ਦਾ ਸਵਾਲ’ ਬਣੀ ਹੋਈ ਹੈ ਅਤੇ ਦੋਵੇਂ ਹੀ ਪਾਰਟੀਆਂ ਆਪੋ ਆਪਣੀ ਪਾਰਟੀ ਦਾ ਮੇਅਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਜਦੋਂ ਕਿ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ। ਉਧਰ, ਕਾਂਗਰਸ ਨੇ ਆਪਣੇ ਆਪ ਨੂੰ ਮੇਅਰ ਦੀ ਚੋਣ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੋਇਆ ਹੈ। ਜਦੋਂ ਕਿ ਪਹਿਲੀ ਵਾਰ ਨਿਗਮ ਚੋਣਾਂ ਵਿੱਚ 14 ਸੀਟਾਂ ’ਤੇ ਜਿੱਤ ਹਾਸਲ ਕਰਕੇ ਧਮਾਕੇਦਾਰ ਐਂਟਰੀ ਕਰਨ ਵਾਲੀ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਸਿੱਧੀ ਟੱਕਰ ਹੈ।
ਪ੍ਰਸ਼ਾਸਨ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਦੇ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 8 ਜਨਵਰੀ ਨੂੰ ਸਵੇਰੇ 11 ਵਜੇ ਨਿਗਮ ਹਾਊਸ ਵਿੱਚ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਵਿੱਚ ਨਗਰ ਨਿਗਮ ਦੇ 35 ਵਾਰਡਾਂ ਤੋਂ ਚੁਣੇ ਹੋਏ ਕੌਂਸਲਰਾਂ ਵਲੋਂ ਗੁਪਤ ਵੋਟ ਰਾਹੀਂ ਮੇਅਰ ਦੀ ਟੀਮ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਜਿਥੇ ਕਰਾਸ ਵੋਟਿੰਗ ਦਾ ਡਰ ਸਤਾ ਰਿਹਾ ਹੈ ਉਥੇ ਕਾਂਗਰਸ ਨੂੰ ਆਪਣੇ ਕੌਸਲਰਾਂ ਵਲੋਂ ਪਾਰਟੀ ਛੱਡ ਕੇ ਵਿਰੋਧੀ ਧਿਰ ਵਿੱਚ ਸ਼ਾਮਲ ਹੋਣ ਦੀ ਚਿੰਤਾ ਸਤਾ ਰਹੀ ਹੈ। ਕਾਂਗਰਸ ਦੀ ਇੱਕ ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਲੰਘੇ ਦਿਨੀ ਹੀ ਭਾਜਪਾ ਦਾ ਲੜ ਫੜ ਲਿਆ ਸੀ। ਮੇਅਰ ਚੋਣਾਂ ਦੌਰਾਨ ਕਰਾਸ ਵੋਟੀਂਡ ਦੇ ਡਰ ਅਤੇ ਕੌਂਸਲਰਾਂ ਦੀ ਖਰੀਦੋ -ਫ਼ਰੋਖਤ ਦੇ ਡਰ ਨਾਲ ਤਿੰਨ ਪਾਰਟੀਆਂ ਦਰਮਿਆਨ ‘ਚੋਰ ਸਿਪਾਹੀ’ ਵਾਲਾ ਖੇਡ ਚੱਲ ਰਿਹਾ ਹੈ। ਕਰਾਸ ਵੋਟਿੰਗ ਦਾ ਡਰ ਭਾਜਪਾ ਨੂੰ ਵੀ ਸਤਾਉਣ ਲੱਗਾ ਹੈ। ਇਸ ਕਾਰਨ ਭਾਜਪਾ ਦੇ ਸਾਰੇ 13 ਕੌਂਸਲਰ ਅੱਜ ਬੁੱਧਵਾਰ ਤੜਕੇ ਹੀ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸ਼ਹਿਰ ’ਚ ਪੁੱਜ ਗਏ। ਜਦੋਂਕਿ ਆਮ ਆਦਮੀ ਪਾਰਟੀ ਦੇ 14 ਕੌਂਸਲਰ, ਜੋ ਦਿੱਲੀ ਗਏ ਹੋਏ ਸਨ ਚੰਡੀਗੜ੍ਹ ਵਾਪਸ ਆ ਗਏ। ਇਸ ਤਰ੍ਹਾਂ 7 ਕਾਂਗਰਸੀ ਕੌਂਸਲਰ ਪਿਛਲੇ ਦਿਨਾਂ ਤੋਂ ਰਾਜਸਥਾਨ ਦੇ ਜੈਪੁਰ ਵਿੱਚ ਹੀ ਹਨ। ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਹੈ। ਸੰਸਦ ਮੈਂਬਰ ਦੀ ਵੋਟ ਅਤੇ ਹਰਪ੍ਰੀਤ ਕੌਰ ਬਬਲਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਦੀ ਗਿਣਤੀ ਬਰਾਬਰ ਕੌਂਸਲਰ ਹਨ। ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਅੰਜੂ ਕਤਿਆਲ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਪ੍ਰੇਮ ਲਤਾ ਅਤੇ ਡਿਪਟੀ ਮੇਅਰ ਲਈ ਰਾਮਚੰਦਰ ਯਾਦਵ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਸਰਬਜੀਤ ਕੌਰ, ਸੀਨੀਅਰ ਡਿਪਟੀ ਮੇਅਰ ਲਈ ਦਲੀਪ ਸ਼ਰਮਾ, ਡਿਪਟੀ ਮੇਅਰ ਦੇ ਅਹੁਦੇ ਲਈ ਅਨੂਪ ਗੁਪਤਾ ਚੋਣ ਮੈਦਾਨ ਵਿੱਚ ਉਤਾਰੇ ਹਨ। ਕਾਂਗਰਸ ਨੇ ਆਪਣੇ ਫੈਸਲੇ ਅਨੁਸਾਰ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ। ਸੂਤਰਾਂ ਅਨੁਸਾਰ ਕਾਂਗਰਸੀ ਕੌਂਸਲਰ ਆਪਣੀ ਕੱਟੜ ਵਿਰੋਧੀ ਪਾਰਟੀ ਭਾਜਪਾ ਦੇ ਮੇਅਰ ਸਮੇਤ ਹੋਰ ਉਮੀਦਵਾਰਾਂ ਨੂੰ ਹਰਾਉਣ ਲਈ ‘ਆਪ’ ਦੇ ਉਮੀਦਵਾਰਾਂ ਦੀ ਹਮਾਇਤ ਕਰ ਸਕਦੇ ਹਨ, ਤਾਂ ਜੋ ਭਾਜਪਾ ਨੂੰ ਮੇਅਰ ਦੀ ਕੁਰਸੀ ਤੋਂ ਦੂਰ ਰੱਖਿਆ ਜਾ ਸਕੇ। ਮੇਅਰ ਦੀ ਚੋਣ ਲਈ 35 ਵਿੱਚੋਂ 18 ਕੌਂਸਲਰਾਂ ਦਾ ਬਹੁਮਤ ਜ਼ਰੂਰੀ ਹੈ।
ਕਾਂਗਰਸੀ ਕੌਂਸਲਰਾਂ ਦੇ ਚੰਡੀਗੜ੍ਹ ਪਰਤਣ ’ਤੇ ਲੱਗਿਆ ਪ੍ਰਸ਼ਨ ਚਿੰਨ੍ਹ
ਜੈਪੁਰ ਗਏ ਕਾਂਗਰਸ ਪਾਰਟੀ ਦੇ ਦਲ ਵਿੱਚ ਸ਼ਾਮਲ ਕੌਂਸਲਰਾਂ ਦੇ ਚੋਣਾਂ ਤੱਕ ਚੰਡੀਗੜ੍ਹ ਪੁੱਜਣ ’ਤੇ ਵੀ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਸੂਤਰਾਂ ਅਨੁਸਾਰ ਇਸ ਦਲ ਦੀ ਅਗਵਾਈ ਕਰ ਰਹੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਹੀ ਇਸ ਬਾਰੇ ਫੈਸਲਾ ਕਰ ਸਕਣਗੇ ਕਿ ਉਹ ਚੋਣਾਂ ਤੋਂ ਪਹਿਲਾ ਚੰਡੀਗੜ੍ਹ ਪੁੱਜਣਗੇ ਜਾਂ ਨਹੀਂ। ਉਹ ਪਿਛਲੇ ਕਈਂ ਦਿਨਾਂ ਤੋਂ ਜੈਪੁਰ ਵਿਖੇ ਡੇਰਾ ਲਗਾਈ ਬੈਠੇ ਹਨ। ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਜੈਪੁਰ ਘੁੰਮਣ ਤੋਂ ਬਾਅਦ ਕਾਂਗਰਸੀ ਕੌਂਸਲਰ ਅਜਮੇਰ ਸ਼ਰੀਫ ਦਰਗਾਹ ’ਤੇ ਨਤਮਸਤ ਹੋਏ। ਉਧਰ, ਕਾਂਗਰਸ ਵਲੋਂ ਮੇਅਰ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰਿਕ ਰਵਾਇਤਾਂ ਦਾ ਘਾਣ ਹੈ।