ਮੁਕੇਸ਼ ਕੁਮਾਰ
ਚੰਡੀਗੜ੍ਹ, 22 ਸਤੰਬਰ
ਵਿਸ਼ਵ ਦੇ 13 ਦੇਸ਼ਾਂ ਦੇ ਸੀਨੀਅਰ ਪੱਧਰ ਦੇ ਨੀਤੀ ਯੋਜਨਾਕਾਰਾਂ ਨੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੀ ਪਹਿਲਕਦਮੀ ਅਤੇ ਸਕੂਲ ਆਫ ਪਬਲਿਕ ਹੈਲਥ, ਪੀਜੀਆਈਐਮਈਆਰ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਸਹਿਯੋਗ ਨਾਲ ਜਾਰੀ ‘ਪਬਲਿਕ ਹੈਲਥ ਪਾਲਿਸੀ ਐਂਡ ਮੈਨੇਜਮੈਂਟ’ ਪ੍ਰੋਗਰਾਮ ਦੇ ਚੌਥੇ ਦਿਨ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਦੌਰਾ ਕੀਤਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨਾਲ ਜਾਣੂ ਹੋਏ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ਮਾਹਿਰ ਨੇ ਆਈਸੀਸੀਸੀ ਵਲੋਂ ਨਾਗਰਿਕ ਕੇਂਦਰਿਤ ਸੇਵਾਵਾਂ ਜਿਵੇਂ ਕਿ ਟ੍ਰੈਫਿਕ ਪ੍ਰਬੰਧਨ, ਸਾਲਿਡ ਵੇਸਟ ਮੈਨੇਜਮੈਂਟ, ਪਬਲਿਕ ਬਾਈਕ ਸ਼ੇਅਰਿੰਗ, ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ, ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਆਦਿ ਬਾਰੇ ਕੰਮਕਾਜ ਦਾ ਲਾਈਵ ਪ੍ਰਦਰਸ਼ਨ ਕੀਤਾ। ਆਈਸੀਸੀਸੀ ਸਮਾਰਟ ਫੀਲਡ ਐਲੀਮੈਂਟਸ ਜਿਵੇਂ ਕਿ ਸੀਸੀਟੀਵੀ ਸਰਵੇਲੈਂਸ ਕੈਮਰਿਆਂ ਦੀ ਨਿਗਰਾਨੀ ਕਰ ਰਿਹਾ ਹੈ ਜਿਸ ਵਿੱਚ ਟ੍ਰੈਫਿਕ ਜੰਕਸ਼ਨ ਅਤੇ ਚੰਡੀਗੜ੍ਹ ਦੀਆਂ ਹੋਰ ਮਹੱਤਵਪੂਰਨ ਇਮਾਰਤਾਂ ਜਿਵੇਂ ਪਾਰਕਾਂ, ਸਰਕਾਰੀ ਹਸਪਤਾਲਾਂ, ਕਮਿਊਨਿਟੀ ਸੈਂਟਰਾਂ, ਪਾਰਕਿੰਗ ਸਥਾਨਾਂ ਅਤੇ ਸਕੂਲਾਂ ਆਦਿ ਦੀ ਅਸਲ ਸਮੇਂ ਦੀ ਨਿਗਰਾਨੀ ਲਈ ਕੈਮਰੇ ਲਗਾਏ ਗਏ ਹਨ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਇਸ ਦੌਰੇ ਦੌਰਾਨ ਸਾਰੀਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਮਾਂਡ ਕੰਟਰੋਲ ਸੈਂਟਰ ਸਮੇਤ ਸ਼ਹਿਰ ਵਿੱਚ ਲਗਾਏ ਗਏ ਸੀਸੀਟੀਵੀ ਨਿਗਰਾਨੀ ਕੈਮਰਿਆਂ ਤੋਂ ਬਾਅਦ ਵਾਹਨ ਚੋਰੀ, ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਡਰਾਈਵਿੰਗ, ਗੈਰ-ਕਾਨੂੰਨੀ ਪਾਰਕਿੰਗ ‘ਤੇ ਰੋਕ ਲਗਾਉਣ ਵਰਗੀਆਂ ਘਟਨਾਵਾਂ ਨੂੰ ਰੋਕਣ ਵਿੱਚ ਕਾਫੀ ਹੱਦ ਤੱਕ ਸਫਲਤਾ ਮਿਲੀ ਹੈ।