ਹਰਜੀਤ ਸਿੰਘ
ਡੇਰਾਬੱਸੀ, 5 ਜੂਨ
ਨੇੜਲੇ ਪਿੰਡ ਬੇਹੜਾ ਦੇ ਮੀਟ ਪਲਾਂਟ ਵਿੱਚ ਕੰਮ ਕਰਦੇ ਨੌਜਵਾਨ ਦਾ ਕਾਤਲ ਉਸਦਾ ਸਕਾ ਵੱਡਾ ਭਰਾ ਹੀ ਨਿਕਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਲੰਘੀ ਰਾਤ ਹੀ ਹਿਰਾਸਤ ਵਿੱਚ ਲੈ ਲਿਆ ਸੀ, ਜਿਸਨੇ ਪੁੱਛਗਿਛ ਵਿੱਚ ਕਤਲ ਕਰਨ ਦੀ ਗੱਲ ਕਬੂਲ ਲਈ ਹੈ। ਪੁਲੀਸ ਨੇ ਮੁਲਜ਼ਮ ਤੋਂ ਵਾਰਦਾਤ ਵਿੱਚ ਵਰਤੇ ਚਾਕੂ ਨੂੰ ਵੀ ਬਰਾਮਦ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਮੀਟ ਪਲਾਂਟ ਵਿੱਚ ਕੰਮ ਕਰਨ ਵਾਲੇ ਰਿਜ਼ਵਾਨ(20) ਦਾ ਕੱਲ੍ਹ ਸ਼ੱਕੀ ਹਾਲਤ ਵਿੱਚ ਕਤਲ ਹੋ ਗਿਆ ਸੀ। ਉਸਦਾ ਸਕਾ ਵੱਡਾ ਭਰਾ ਸਲਮਾਨ(28) ਜੋ ਉਸ ਨਾਲ ਹੀ ਕੰਮ ਕਰਦਾ ਸੀ, ਕਲ੍ਹ ਸ਼ਾਮ ਥ੍ਰੀ-ਵ੍ਹੀਲਰ ਵਿੱਚ ਰਿਜ਼ਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਇਥੋਂ ਦੇ ਇਕ ਨਿੱਜੀ ਹਸਪਤਾਲ ਲਿਆਇਆ ਸੀ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਸੀ। ਉਸਦੇ ਢਿੱਡ ਵਿੱਚੋਂ ਖੂਨ ਨਿਕਲ ਰਿਹਾ ਸੀ। ਪੁਲੀਸ ਅਧਿਕਾਰੀ ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਰਿਜ਼ਵਾਨ ਦਾ ਆਪਣੇ ਭਰਾ ਨਾਲ ਘਰ ਪੈਸੇ ਭੇਜਣ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਕਲ੍ਹ ਦੋਵਾਂ ਨੇ ਸ਼ਰਾਬ ਪੀਤੀ ਤੇ ਇਸ ਦੌਰਾਨ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਜਿਸ ਨੇ ਖੂਨੀ ਰੂਪ ਧਾਰ ਲਿਆ। ਸਲਮਾਨ ਨੇ ਚਾਕੂ ਨਾਲ ਰਿਜ਼ਵਾਨ ’ਤੇ ਹਮਲਾ ਕੀਤਾ ਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ।