ਪੱਤਰ ਪ੍ਰੇਰਕ/ਪੱਤਰ ਪੇ੍ਰਕ
ਐਸ.ਏ.ਐਸ. ਨਗਰ (ਮੁਹਾਲੀ)/ਮੁੱਲਾਂਪੁਰ ਗਰੀਬਦਾਸ, 14 ਅਕਤੂਬਰ
ਜ਼ਿਲ੍ਹਾ ਪੁਲੀਸ ਨੇ ਕਬਾੜੀਏ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੋਨੂੰ ਕੁਮਾਰ ਵਾਸੀ ਪਿੰਡ ਭੇਰੀਹਾਰੀ (ਬਿਹਾਰ) ਹਾਲ ਵਾਸੀ ਪਿੰਡ ਸਹੌੜਾ ਨੇ ਪੁਲੀਸ ਨੂੰ ਦਿੱਤੀ ਸੂਚਨਾ ਵਿੱਚ ਦੱਸਿਆ ਕਿ ਪਿੰਡ ਮਾਜਰਾ ਸਿਸਵਾ-ਕੁਰਾਲੀ ਸੜਕ ’ਤੇ ਉਸ ਦਾ ਚਾਚਾ ਜੈ ਪ੍ਰਕਾਸ਼ ਪ੍ਰਸ਼ਾਦ ਕਬਾੜੀਏ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕੀਤਾ ਸੀ। ਐਸਐਸਪੀ ਨੇ ਦੱਸਿਆ ਕਿ ਜੈ ਪ੍ਰਕਾਸ਼ ਪ੍ਰਸ਼ਾਦ ਦੇ ਭਤੀਜੇ ਮੋਨੂੰ ਦੇ ਬਿਆਨਾਂ ਪੁਲੀਸ ਨੇ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਵੱਲੋਂ ਗਠਿਤ ਕੀਤੀ ਟੀਮ ਨੇ ਮੁਲਜ਼ਮ ਮੰਗਤ ਸਿੰਘ ਉਰਫ਼ ਮੰਗਾ ਵਾਸੀ ਪਿੰਡ ਕਰਤਾਰਪੁਰ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਮ੍ਰਿਤਕ ਜੈ ਪ੍ਰਕਾਸ਼ ਪ੍ਰਸ਼ਾਦ ਕਬਾੜੀਏ ਦਾ ਮੋਬਾਈਲ ਅਤੇ ਦੁਕਾਨ ਵਿੱਚ ਪਿਆ ਸਮਾਨ ਦੇਖ ਕੇ ਉਸ ਦੇ ਮਨ ਵਿੱਚ ਲਾਲਚ ਆ ਗਿਆ ਕਿ ਉਹ ਕਬਾੜੀਏ ਦਾ ਸਮਾਨ ਵੇਚ ਕੇ ਆਪਣੇ ਨਸ਼ੇ ਦੀ ਪੂਰਤੀ ਕਰ ਲਵੇਗਾ। ਇਸ ਤਰ੍ਹਾਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।