ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਪਰੈਲ
ਸੈਕਟਰ-34 ਵਿੱਚ ਸਥਿਤ ਐਕਸਿਸਾ ਬੈਂਕ ਵਿੱਚੋਂ ਲੰਘੇ ਦਿਨ 4.05 ਕਰੋੜ ਰੁਪਏ ਚੋਰੀ ਦੀ ਘਟਨਾ ਨੂੰ ਡੇਢ ਦਿਨ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ। ਪੁਲੀਸ ਵੱਲੋਂ ਫਰਾਰ ਸੁਰੱਖਿਆ ਕਰਮੀ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਥਾਣਾ ਸੈਕਟਰ-34 ਦੇ ਮੁਖੀ ਰਾਜੀਵ ਸ਼ੁਕਲਾ ਨੇ ਕੀਤੀ ਹੈ। ਉਨ੍ਹਾਂ ਕਿਹਾ ਮੁੱਢਲੀ ਜਾਂਚ ਵਿੱਚ ਬੈਂਕ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ।
ਬੈਂਕ ਦੇ ਸੁਰੱਖਿਆ ਕਰਮੀ ’ਤੇ ਸ਼ੱਕ ਜਤਾਇਆ ਜਾ ਰਿਹਾ ਹੈ ਜੋ ਬੈਂਕ ਵਿੱਚ ਵਾਰ-ਵਾਰ ਅੰਦਰ-ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਦੀਆਂ ਵੱਖ-ਵੱਖ ਟੀਮਾਂ ਸੁਰੱਖਿਆ ਕਰਮੀ ਦੀ ਭਾਲ ਵਿੱਚ ਛਾਪੇ ਮਾਰ ਰਹੀਆਂ ਹਨ ਪਰ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਸੁਰੱਖਿਆ ਕਰਮੀ ’ਤੇ 10 ਹਜ਼ਾਰ ਰੁਪਏ ਇਨਾਮ ਰੱਖਣ ਦੀ ਗੱਲ ਸਾਹਮਣੇ ਆਈ ਸੀ ਜਿਸ ਨੂੰ ਥਾਣਾ ਸੈਕਟਰ-34 ਦੇ ਮੁੱਖੀ ਰਾਜੀਵ ਸ਼ੁਕਲਾ ਨੇ ਨਕਾਰ ਦਿੱਤਾ। ਦੱਸਣਯੋਗ ਹੈ ਕਿ ਸੈਕਟਰ-34 ਵਿੱਚ ਸਥਿਤ ਐਕਸਿਸ ਬੈਂਕ ਵਿੱਚੋਂ 4.05 ਕਰੋੜ ਰੁਪਏ ਚੋਰੀ ਹੋ ਗਏ ਹਨ।
ਚੋਰ ਬੈਂਕ ਵਿੱਚ ਪਏ ਟਰੰਕ ਦਾ ਤਾਲਾ ਤੋੜਨ ਦੀ ਥਾਂ ਟਰੰਕ ਕੱਟ ਕੇ ਪੈਸੇ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੈਕਟਰ-34 ਦੀ ਪੁਲੀਸ ਨੇ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ।