ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਸਤੰਬਰ
ਮੁਹਾਲੀ ਏਅਰਪੋਰਟ ਸੜਕ ’ਤੇ ਪਿੰਡ ਬੱਲੋਮਾਜਰਾ ਨੇੜੇ ਦੇਰ ਸ਼ਾਮ ਸ਼ਰਾਬ ਪੀਣ ਤੋਂ ਰੋਕਣ ’ਤੇ ਨੌਜਵਾਨਾਂ ਨੇ ਪੁਲੀਸ ਨਾਲ ਹੱਥੋਪਾਈ ਕੀਤੀ ਅਤੇ ਥਾਣੇਦਾਰ ਦੀ ਵਰਦੀ ਪਾੜ ਦਿੱਤੀ। ਇਸ ਸਬੰਧੀ ਬਲੌਂਗੀ ਪੁਲੀਸ ਨੇ ਏਐੱਸਆਈ ਸ਼ਿੰਦਰ ਸਿੰਘ ਦੀ ਸ਼ਿਕਾਇਤ ’ਤੇ 6 ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਹਰਜਿੰਦਰ ਸਿੰਘ ਸਮੇਤ ਉਸ ਦੇ ਪੰਜ ਅਣਪਛਾਤੇ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਏਐੱਸਆਈ ਸ਼ਿੰਦਰ ਸਿੰਘ ਅਨੁਸਾਰ ਕੁਝ ਵਿਅਕਤੀ ਕਾਰ ਨੂੰ ਸੜਕ ਦੇ ਗਲਤ ਪਾਸੇ ਪਾਰਕ ਕਰਕੇ ਰੇਹੜੀ ’ਤੇ ਸ਼ਰਾਬ ਪੀ ਰਹੇ ਸਨ ਅਤੇ ਹੁੱਲੜਬਾਜ਼ੀ ਕਰ ਰਹੇ ਸਨ। ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਤਾਂ ਨੌਜਵਾਨਾਂ ਨੇ ਪੁਲੀਸ ਨੇ ਬਦਸਲੂਕੀ ਕਰਦਿਆਂ ਫੇਸਬੁੱਕ ’ਤੇ ਲਾਈਵ ਹੋਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਰਾਹਗੀਰ ਨੇ ਪੁਲੀਸ ਦੀ ਮਦਦ ਕਰਨੀ ਚਾਹੀ ਪਰ ਨੌਜਵਾਨਾਂ ਉਸ ਦੀ ਕਾਰ ’ਤੇ ਵੀ ਹਮਲਾ ਕਰ ਕੇ ਭੱਜ ਗਏ।