ਪੀ.ਪੀ ਵਰਮਾ
ਪੰਚਕੂਲਾ, 2 ਅਪਰੈਲ
ਇੱਥੋਂ ਦੀ ਸੈਕਟਰ-16 ਦੀ ਪੁਲੀਸ ਚੌਕੀ ਦੀ ਟੀਮ ਨੇ ਰਾਜੀਵ ਕਲੋਨੀ ਵਿੱਚੋਂ ਦੀਪੂ ਨਾਂ ਦੇ ਇੱਕ ਨੌਜਵਾਨ ਦੇ ਘਰ ਤੋਂ 2 ਕਿਲੋ 481 ਗ੍ਰਾਂਮ ਗਾਂਜਾ ਬਰਾਮਦ ਕੀਤਾ ਅਤੇ ਥੋੜ੍ਹੀ ਦੇਰ ਬਾਅਦ ਉਸ ਘਰ ਵਿੱਚ ਆ ਕੇ ਦੀਪੂ ਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਨੂੰ ਲੈ ਕੇ ਰਾਜੀਵ ਕਲੋਨੀ ਵਿੱਚ ਹੰਗਾਮਾ ਹੋ ਗਿਆ ਅਤੇ ਕਲੋਨੀ ਦੇ ਲੋਕਾਂ ਨੇ ਸੈਕਟਰ-16 ਦੀ ਪੁਲੀਸ ਚੌਕੀ ਨੂੰ ਘੇਰ ਲਿਆ ਅਤੇ ਚੌਕੀ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਦੀਪੂ ਨੂੰ ਜਾਣਬੁੱਝ ਕੇ ਪੁਲੀਸ ਫਸਾ ਰਹੀ ਹੈ। ਦੀਪੂ ਦੀ ਮਾਤਾ ਅਤੇ ਪਿਤਾ ਜਗਦੀਸ਼ ਨੇ ਦੱਸਿਆ ਕਿ ਕੁਝ ਚਿਰ ਪਹਿਲਾਂ ਤਿੰਨ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ ਅਤੇ ਗਾਂਜੇ ਦੀ ਥੈਲੀ ਰੱਖ ਗਏ। ਬਾਅਦ ਵਿੱਚ ਪੁਲੀਸ ਆਈ ਜਿਹੜੀ ਉਹ ਥੈਲੀ ਲੈ ਗਈ ਅਤੇ ਘਰ ਦੇ ਨੌਜਵਾਨ ਦੀਪੂ ਨੂੰ ਬੁਲਾਇਆ ਅਤੇ ਉਸ ਨੂੰ ਵੀ ਗ੍ਰਿਫ਼ਤਾਰ ਕਰਕੇ ਲੈ ਗਈ। ਦੀਪੂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲੀਸ ਅਤੇ ਉਨ੍ਹਾਂ ਦੇ ਗੁਆਂਢੀ ਦੀਪੂ ਨੂੰ ਕਿਸੇ ਜਾਲ ਵਿੱਚ ਫਸਾ ਰਹੇ ਹਨ। ਘਟਨਾ ਵਾਲੀ ਥਾਂ ਤੋਂ ਪੁਲੀਸ ਸੀਸੀਟੀਵੀ ਦੀ ਫੁਟੇਜ ਦਾ ਡਾਟਾ ਵੀ ਲੈ ਗਈ। ਉਧਰ ਸੈਕਟਰ-16 ਦੀ ਪੁਲੀਸ ਚੌਕੀ ਦੇ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ 2 ਕਿੱਲੋ 481 ਗ੍ਰਾਮ ਗਾਂਜਾ ਨੌਜਵਾਨ ਦੇ ਘਰ ਵਿੱਚੋਂ ਪੈਟਰੋਲਿੰਗ ਦੌਰਾਨ ਬਰਾਮਦ ਕੀਤਾ। ਚੌਕੀ ਇੰਚਾਰਜ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਦੀ ਫੁਟਜ਼ ਨਾਲ ਜਾਂਚ ਸ਼ੁਰੂ ਕੀਤੀ ਹੈ।