ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਫਰਵਰੀ
ਪੰਜਾਬ ਵਿਜੀਲੈਂਸ ਬਿਊਰੋ ਦੇ ਮੁਹਾਲੀ ਯੂਨਿਟ ਦੇ ਡੀਐੱਸਪੀ ਹਰਵਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੱਜ ਇੱਥੋਂ ਦੇ ਫੇਜ਼-8 ਸਥਿਤ ਸਨਅਤੀ ਏਰੀਆ ਪੁਲੀਸ ਚੌਕੀ ਦੇ ਏਐੱਸਆਈ ਕ੍ਰਿਸ਼ਨ ਕੁਮਾਰ ਅਤੇ ਮੁੱਖ ਮੁਨਸ਼ੀ ਅਜੈ ਗਿੱਲ ਨੂੰ ਕਥਿਤ ਤੌਰ ’ਤੇ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰਾਈਵੇਟ ਫਰਮ ਦੇ ਮਾਲਕ ਕਰਨ ਸਿੰਘ ਵਾਸੀ ਪਿੰਡ ਨਾਹਨ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਸੈਕਟਰ-53 ਦੀ ਸ਼ਿਕਾਇਤ ’ਤੇ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਡੀਐੱਸਪੀ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਪੁਲੀਸ ਚੌਕੀ ਨੇੜੇ ਹੀ ਸਿਮਰਨ ਲੋਨ ਨਾਮ ਦੀ ਪ੍ਰਾਈਵੇਟ ਫਰਮ ਹੈ। 27 ਜਨਵਰੀ ਨੂੰ ਮੁੱਖ ਮੁਨਸ਼ੀ ਅਜੈ ਗਿੱਲ ਉਸ ਦੇ ਦਫ਼ਤਰ ਵਿੱਚ ਆਇਆ ਅਤੇ ਸ਼ਿਕਾਇਤਕਾਰਤਾ ਨੂੰ ਪੁਲੀਸ ਚੌਕੀ ਆਉਣ ਲਈ ਕਿਹਾ ਤੇ ਦੋਸ਼ ਲਗਾਇਆ ਕਿ ਉਹ (ਪੀੜਤ) ਇੱਥੇ ਫਰਾਡ ਦਾ ਕੰਮ ਕਰਦਾ ਹੈ। ਪੁਲੀਸ ਕਰਮਚਾਰੀ ਉਸ ਦੇ ਦਫ਼ਤਰ ’ਚੋਂ ਦਸਤਾਵੇਜ਼, ਲੈਪਟਾਪ ਅਤੇ ਪ੍ਰਿੰਟਰ ਆਦਿ ਚੁੱਕ ਕੇ ਲੈ ਗਏ। ਜਦੋਂ ਉਹ (ਪੀੜਤ) ਪੁਲੀਸ ਚੌਕੀ ਪੁੱਜਾ ਤਾਂ ਅਜੈ ਗਿੱਲ ਨੇ ਕਿਹਾ ਕਿ ਜੇਕਰ ਸਾਮਾਨ ਰਿਲੀਜ਼ ਕਰਵਾਉਣਾ ਹੈ ਤਾਂ 20 ਹਜ਼ਾਰ ਰੁਪਏ ਦੇਣੇ ਪੈਣਗੇ।
ਉਸ ਨੇ ਮੌਕੇ ’ਤੇ ਹੀ 8 ਹਜ਼ਾਰ ਪੁਲੀਸ ਨੂੰ ਦਿੱਤੇ। ਪੁਲੀਸ ਨੇ ਕੁੱਝ ਦਸਤਾਵੇਜ਼ ਅਤੇ ਪ੍ਰਿੰਟਰ ਉਸ ਨੂੰ ਦੇ ਦਿੱਤਾ। 30 ਜਨਵਰੀ ਨੂੰ ਮੁੱਖ ਮੁਨਸ਼ੀ ਦੁਬਾਰਾ ਉਸ ਦੇ ਦਫ਼ਤਰ ਵਿੱਚ ਆਇਆ ਅਤੇ ਕਿਹਾ ਕਿ ਥਾਣੇਦਾਰ ਕ੍ਰਿਸ਼ਨ ਕੁਮਾਰ ਅਤੇ ਇਕ ਹੋਰ ਥਾਣੇਦਾਰ ਅੱਗੇ ਪੇਸ਼ ਹੋਵੇ। ਥਾਣੇਦਾਰ ਨੇ 2 ਫਰਵਰੀ ਨੂੰ ਪੀੜਤ ਕਰਨ ਸਿੰਘ ਨੂੰ ਕਿਹਾ ਕਿ ਲੈਪਟਾਪ ਅਤੇ ਬਾਕੀ ਸਮਾਨ ਲੈਣਾ ਹੈ ਤਾਂ 25 ਹਜ਼ਾਰ ਰੁਪਏ ਦੇਣੇ ਪੈਣਗੇ ਨਹੀਂ ਤਾਂ ਪਰਚਾ ਦਰਜ ਕੀਤਾ ਜਾਵੇਗਾ। ਮਜਬੂਰ ਹੋ ਕੇ ਸ਼ਿਕਾਇਤਕਰਤਾ ਨੇ 15 ਹਜ਼ਾਰ ਰੁਪਏ ਦੇ ਦਿੱਤੇ। ਬਕਾਇਆ ਰਾਸ਼ੀ 10 ਹਜ਼ਾਰ ਰੁਪਏ ਲੈਂਦੇ ਹੋਏ ਏਐੱਸਆਈ ਕ੍ਰਿਸ਼ਨ ਕੁਮਾਰ ਨੂੰ ਅੱਜ ਮੌਕੇ ’ਤੇ ਰੰਗੇ ਹੱਥੀ ਕਾਬੂ ਕੀਤਾ ਗਿਆ। ਥਾਣੇਦਾਰ ਕੋਲੋਂ ਬੀਤੇ ਦਿਨੀਂ ਰਿਸ਼ਵਤ ਵਜੋਂ ਲਏ 15 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ। ਮੁੱਖ ਮੁਨਸ਼ੀ ਅਜੈ ਗਿੱਲ ਤੋਂ ਚੈੱਕ ਤੇ ਲੈਪਟਾਪ ਬਰਾਮਦ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਥਾਣੇਦਾਰ ਅਤੇ ਮੁੱਖ ਮੁਨਸ਼ੀ ਨੂੰ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਇਸ ਮਾਮਲੇ ਵਿੱਚ ਸ਼ਾਮਲ ਹੋਰਨਾਂ ਪੁਲੀਸ ਮੁਲਾਜ਼ਮਾਂ ਬਾਰੇ ਪਤਾ ਕਰਕੇ ਉਨ੍ਹਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾਵੇਗਾ।