ਪੱਤਰ ਪ੍ਰੇਰਕ
ਖਰੜ, 1 ਜੁਲਾਈ
ਖਰੜ ਦੇ ਥਾਣਾ ਸਦਰ ਦੀ ਪੁਲੀਸ ਵੱਲੋਂ ਅੱਜ ਖਰੜ-ਕੁਰਾਲੀ ਸੜਕ ’ਤੇ ਸਥਿਤ ਅਮਾਰਿਆ ਗਰੀਨ ਨਾਂ ਦੀ ਇੱਕ ਕਲੋਨੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਸ ਕਲੋਨੀ ਵਿੱਚ ਪਰਿਵਾਰਾਂ ਤੋਂ ਇਲਾਵਾ ਕਾਫੀ ਨੌਜਵਾਨ ਵੀ ਰਹਿੰਦੇ ਹਨ। ਚੈਕਿੰਗ ਦੌਰਾਨ ਅਜਿਹੇ 10 ਨੌਜਵਾਨ ਮਿਲੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਹੀਂ ਸੀ ਕਰਵਾਈ। ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਸਬੰਧੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਮੁਹਿੰਮ ਵਿੱਚ ਐੱਸਐੱਚਓ ਥਾਣਾ ਸਿਟੀ ਖਰੜ ਅਤੇ ਬਲੌਂਗੀ ਦੀ ਟੀਮ ਵੀ ਸ਼ਾਮਲ ਸੀ। ਇਸੇ ਤਰ੍ਹਾਂ ਪੁਲੀਸ ਨੇ ਇੱਕ ਚਾਰ ਪਹੀਆ ਵਾਹਨ ਅਤੇ ਤਿੰਨ ਦੋ ਪਹੀਆ ਵਾਹਨ ਵੀ ਆਪਣੇ ਕਬਜ਼ੇ ਵਿੱਚ ਲਏ ਹਨ ਅਤੇ ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕੋਈ ਵੀ ਮਾੜਾ ਅਨਸਰ ਇੱਥੇ ਨਾ ਰਹਿੰਦਾ ਹੋਵੇ। ਉਨ੍ਹਾਂ ਸਾਰੇ ਮਕਾਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ।