ਹਰਜੀਤ ਸਿੰਘ
ਜ਼ੀਰਕਪੁਰ, 24 ਅਕਤੂਬਰ
ਪੁਲੀਸ ਨੇ ਨਕਲੀ ਓਐਸਡੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਆਕਾਸ਼ ਬਿਡਲਾ ਵਾਸੀ ਲੋਹਗੜ੍ਹ ਵਜੋਂ ਹੋਈ ਹੈ। ਪੁਲੀਸ ਨੇ ਇਹ ਕਾਰਵਾਈ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਦੀ ਸ਼ਿਕਾਇਤ ’ਤੇ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਸੰਦੀਪ ਤਿਵਾੜੀ ਅਨੁਸਾਰ ਉਸ ਨੂੰ ਲੰਘੀ ਅੱਠ ਤਰੀਕ ਨੂੰ ਫੋਨ ’ਤੇ ਇਕ ਵਿਅਕਤੀ ਨੇ ਖੁਦ ਨੂੰ ਮੁੱਖ ਮੰਤਰੀ ਦਾ ਓਐੱਸਡੀ ਅੰਕਿਤ ਬਾਂਸਲ ਦੱਸਦਿਆਂ ਲੋਹਗੜ੍ਹ ਖੇਤਰ ਵਿੱਚ ਕੌਂਸਲ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਨੂੰ ਬੰਦ ਕਰਨ ਅਤੇ ਕੋਈ ਵੀ ਕੰਮ ਕਰਨ ਲਈ ਪਹਿਲਾਂ ਉਸ ਦੀ ਸਹਿਮਤੀ ਲੈਣ ਲਈ ਦਬਾਅ ਪਾਇਆ। ਕਾਰਜਸਾਧਕ ਅਫਸਰ ਨੇ ਮਾਮਲੇ ਬਾਰੇ ਪੁਲੀਸ ਨੂੰ ਸ਼ਿਕਾਇਤ ਕੀਤੀ।
ਅਕਾਲੀ ਕੌਂਸਲਰਾਂ ਦੇ ਸੰਪਰਕ ਵਿੱਚ ਸੀ ਮੁਲਜ਼ਮ
ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਅਕਾਲੀ ਦਲ ਦੇ ਕੁਝ ਕੌਂਸਲਰਾਂ ਦੇ ਸੰਪਰਕ ਵਿੱਚ ਸੀ। ਉਹ ਨਗਰ ਕੌਂਸਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਪ੍ਰਭਾਵਿਤ ਕਰ ਕੇ ਅਕਾਲੀ ਦਲ ਦੇ ਕੌਂਸਲਰਾਂ ਨੂੰ ਫਾਇਦਾ ਪਹੁੰਚਾਉਣ ਲਈ ਰੌਅਬ ਮਾਰ ਰਿਹਾ ਸੀ। ਪੁਲੀਸ ਨੇ ਆਕਾਸ਼ ਬਿਡਲਾ ਨੂੰ ਗ੍ਰਿਫ਼ਤਾਰ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।